ਵਡਾਲਾ ਬਾਂਗਰ, 23 ਜਨਵਰੀ (ਮਨਜੀਤ ਸਿੰਘ ਚੀਮਾ)-ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿਚ ਪਿਛਲੇ ਲਗਭਗ 12 ਸਾਲਾਂ ਤੋਂ ਬਲਾਕ ਪੱਧਰ 'ਤੇ ਨਿਯੁਕਤ ਕੀਤੇ ਗਏ ਬਲਾਕ ਰਿਸੋਰਸ ਕੋਆਰਡੀਨੇਟਰਾਂ ਵਲੋਂ ਅੱਜ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਸ੍ਰੀ ਰਜਿੰਦਰ ਕੁਮਾਰ ਅਤੇ ਸ੍ਰੀ ਸੰਜੀਵ ਕੁਮਾਰ ਐਕਸੀਅਨ ਨੂੰ ਮੰਗ ਪੱਤਰ ਦਿੱਤਾ ਗਿਆ | ਯੂਨੀਅਨ ਦੇ ਅਹੁਦੇਦਾਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਮਹਿਕਮੇ ਵਲੋਂ ਉਨ੍ਹਾਂ ਦਾ ਵੱਡੇ ਪੱਧਰ 'ਤੇ ਮਾਨਸਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ, ਜਿਸ ਦੀ ਝਲਕ ਇਸ ਵਾਰ ਸਾਲਾਨਾ ਇੰਕਰੀਮੈਂਟ ਲਈ ਭੇਜਿਆ ਗਿਆ ਪ੍ਰੋਗਰੈੱਸ ਪ੍ਰੋਫ਼ਾਰਮਾ ਹੈ, ਜਿਸ ਵਿਚ ਸਿੱਧੇ ਤੌਰ 'ਤੇ ਬਲਾਕ ਰਿਸੋਰਸ ਕੋਆਰਡੀਨੇਟਰਾਂ ਦੀਆਂ ਨੌਕਰੀਆਂ ਨੂੰ ਖ਼ਤਮ ਕਰਨ ਦਾ ਤਰੀਕਾ ਅਪਣਾਇਆ ਗਿਆ ਹੈ | ਇਸ ਪ੍ਰੋਫ਼ਾਰਮੇ ਨੂੰ ਮੂਲ ਰੂਪ 'ਚ ਖਾਰਜ ਕਰਵਾਉਣ ਲਈ ਬਲਾਕ ਰਿਸੋਰਸ ਕੋਆਰਡੀਨੇਟਰ ਯੂਨੀਅਨ ਪੰਜਾਬ ਵਲੋਂ 3 ਦਿਨਾਂ ਲਈ ਪੂਰੀ ਤਰ੍ਹਾਂ ਵਿਭਾਗ ਦਾ ਕੰਮ ਬੰਦ ਰੱਖਣ ਲਈ ਨੋਟਿਸ ਜਾਰੀ ਕੀਤਾ ਗਿਆ ਹੈ ਤੇ ਜੇਕਰ ਵਿਭਾਗ ਵਲੋਂ ਇਸ ਪ੍ਰੋਫ਼ਾਰਮੇ ਨੂੰ ਮੂਲ ਰੂਪ ਵਿਚ ਖਾਰਜ ਨਹੀਂ ਕੀਤਾ ਜਾਂਦਾ ਤਾਂ 27 ਜਨਵਰੀ ਤੋਂ ਪੂਰੇ ਪੰਜਾਬ 'ਚੋਂ ਬਲਾਕ ਰਿਸੋਰਸ ਕੋਆਰਡੀਨੇਟਰਾਂ ਵਲੋਂ ਵਿਭਾਗ ਦੇ ਮੁੱਖ ਦਫ਼ਤਰ ਮੋਹਾਲੀ ਵਿਖੇ ਧਰਨਾ ਦਿੱਤਾ ਜਾਵੇਗਾ | ਇਸ ਮੌਕੇ ਬਲਾਕ ਕੋਆਰਡੀਨੇਟਰ ਸੁਰਜੀਤ ਕੌਰ, ਅਮਿਤੋਜ ਸਿੰਘ, ਰਾਜਬੀਰ ਕੌਰ, ਬਲਜਿੰਦਰ ਕੌਰ, ਬਲਬੀਰ ਕੌਰ ਸੀ.ਡੀ.ਐੱਸ., ਹਰਪ੍ਰੀਤ ਸਿੰਘ ਅਠਵਾਲ, ਸਰਬਜੀਤ ਸਿੰਘ ਖਾਲਸਾ, ਵਿਕਰਮਜੀਤ ਸਿੰਘ ਕਾਹਲੋਂ, ਰਜਨੀ ਕੌਰ, ਸੰਦੀਪ ਕੌਰ ਅਤੇ ਹਰਜਿੰਦਰ ਸਿੰਘ ਆਦਿ ਹਾਜ਼ਰ ਸਨ |