ਮਾਧੋਪੁਰ, 27 ਜਨਵਰੀ (ਮਹਿਰਾ)-ਬਲਾਕ ਸੰਮਤੀ ਮੈਂਬਰ ਹਰੀਸ਼ ਕੁਮਾਰ ਸੰਮਾਂ ਨੇ 'ਅਜੀਤ' ਨਾਲ ਗੱਲਬਾਤ ਕਰਦੇ ਹੋਏ ਪੰਜਾਬ ਸਰਕਾਰ ਵਲੋਂ ਐਲਾਨੀ 'ਮੁੱਖ ਮੰਤਰੀ ਸਿਹਤ ਯੋਜਨਾ' ਨੂੰ ਜਨਤਾ ਨਾਲ ਯੋਜਨਾਬੱਧ ਧੋਖਾ, ਖੋਖਲਾ ਪ੍ਰਚਾਰ ਅਤੇ ਝੂਠੇ ਦਾਅਵਿਆਂ ਦੀ ਰਾਜਨੀਤਿਕ ਸਾਜ਼ਿਸ਼ ਕਰਾਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਸਰਕਾਰ 10 ਲੱਖ ਰੁਪਏ ਤੱਕ ਦੇ ਸਿਹਤ ਬੀਮੇ ਦਾ ਦਾਅਵਾ ਕਰ ਰਹੀ ਹੈ, ਪਰ ਸਚਾਈ ਇਹ ਹੈ ਕਿ ਸਰਕਾਰ ਨੇ ਸਿਰਫ਼ 1 ਲੱਖ ਰੁਪਏ ਲਈ ਆਪਣੀ ਜ਼ਿੰਮੇਵਾਰੀ ਸਪਸ਼ਟ ਤੌਰ 'ਤੇ ਦੱਸੀ ਹੈ, ਜਦੋਂ ਕਿ ਬਾਕੀ 9 ਲੱਖ ਰੁਪਏ ਬਾਰੇ ਕੋਈ ਠੋਸ, ਲਿਖਤੀ ਜਾਂ ਅਧਿਕਾਰਤ ਜਾਣਕਾਰੀ ਜਨਤਾ ਸਾਹਮਣੇ ਨਹੀਂ ਆਈ ਹੈ | ਹਰੀਸ਼ ਸੰਮਾ ਨੇ ਸਰਕਾਰ ਦੇ ਐਲਾਨ 'ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਜੇਕਰ ਸਰਕਾਰ ਸਿਰਫ਼ 1 ਲੱਖ ਰੁਪਏ ਦਾ ਬੀਮਾ ਪ੍ਰਦਾਨ ਕਰਨ ਦੇ ਯੋਗ ਹੈ, ਤਾਂ ਬਾਕੀ 9 ਲੱਖ ਰੁਪਏ ਕੌਣ ਪ੍ਰਦਾਨ ਕਰੇਗਾ ਜਾਂ ਫਿਰ ਇਹ ਰਕਮ ਨਿੱਜੀ ਬੀਮਾ ਕੰਪਨੀਆਂ 'ਤੇ ਛੱਡ ਦਿੱਤੀ ਜਾਵੇਗੀ ਜਾਂ ਕੀ ਮਰੀਜ਼ ਤੋਂ ਇਲਾਜ ਦੇ ਸਮੇਂ ਪੈਸੇ ਲਏ ਜਾਣਗੇ | ਸਰਕਾਰ ਜਨਤਾ ਨੂੰ ਸਪਸ਼ਟ ਕਰੇ ਕਿ 10 ਲੱਖ ਦਾ ਇਲਾਜ ਮੁੱਖ ਮੰਤਰੀ ਸਿਹਤ ਯੋਜਨਾ ਸਕੀਮ ਤਹਿਤ ਹੀ ਕੀਤਾ ਜਾਵੇਗਾ |