ਗੁਰਦਾਸਪੁਰ, 28 ਜਨਵਰੀ (ਚੱਕਰਾਜਾ)-ਜ਼ਿਲ੍ਹਾ ਸੈਨਿਕ ਬੋਰਡ ਦੀ ਤਿਮਾਹੀ ਮੀਟਿੰਗ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਸੈਨਿਕ ਬੋਰਡ ਅਦਿੱਤਿਆ ਦੇ ਨਿਰਦੇਸ਼ਾਂ ਤੇ ਕੁਲਦੀਪ ਚੰਦ ਚੀਫ਼ ਮਿਨਿਸਟਰ ਫ਼ੀਲਡ ਅਫ਼ਸਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਕਮਾਂਡਰ ਬਲਜਿੰਦਰ ਵਿਰਕ (ਸੇਵਾ ਮੁਕਤ) ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਨੇ ਸੰਬੋਧਨ ਕਰਦਿਆਂ ਸਾਬਕਾ ਸੈਨਿਕਾਂ ਤੇ ਉਨ੍ਹਾਂ ਦੇ ਆਸ਼ਰਿਤਾਂ ਦੀ ਭਲਾਈ ਹਿਤ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਵਲੋਂ ਕੀਤੇ ਤੇ ਚੱਲ ਰਹੇ ਕੰਮਾਂ ਬਾਰੇ ਜਾਣਕਾਰੀ ਦਿੱਤੀ ਗਈ | ਇਸ ਦੇ ਨਾਲ ਹੀ ਪੰਜਾਬ ਤੇ ਕੇਂਦਰ ਸਰਕਾਰ ਵਲੋਂ ਸਾਬਕਾ ਸੈਨਿਕਾਂ ਤੇ ਸ਼ਹੀਦਾਂ ਦੇ ਪਰਿਵਾਰਾਂ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਭਲਾਈ ਸਕੀਮਾਂ ਬਾਰੇ ਜਾਣੂ ਕਰਵਾਇਆ ਗਿਆ | ਮੀਟਿੰਗ ਦੌਰਾਨ ਸਾਬਕਾ ਸੈਨਿਕਾਂ ਤੇ ਵਿਧਵਾਵਾਂ ਦੀ ਭਲਾਈ ਤੇ ਉਨ੍ਹਾਂ ਨੂੰ ਆ ਰਹੀਆਂ ਸਮੱਸਿਆਵਾਂ ਸਬੰਧੀ ਏਜੰਡਾ ਪੁਆਇੰਟ ਪੜ੍ਹੇ ਗਏ, ਜਿਨ੍ਹਾਂ 'ਤੇ ਸੀ.ਐਮ.ਐਫ.ਓ. ਵਲੋਂ ਮੌਕੇ 'ਤੇ ਹੀ ਸਬੰਧਿਤ ਅਧਿਕਾਰੀਆਂ ਨੂੰ ਤੁਰੰਤ ਹੱਲ ਕਰਨ ਲਈ ਜ਼ਰੂਰੀ ਨਿਰਦੇਸ਼ ਜਾਰੀ ਕੀਤੇ | ਇਸ ਮੌਕੇ ਡਾ: ਜਸਪ੍ਰੀਤ ਸਿੰਘ (ਪਸ਼ੂ ਪਾਲਨ ਵਿਭਾਗ), ਡਾ: ਸੰਦੀਪ ਸਿੰਘ (ਪ੍ਰੋਜੈਕਟ ਡਾਇਰੈਕਟਰ, ਖੇਤੀਬਾੜੀ ਵਿਭਾਗ), ਵਿਵੇਕ (ਡੀ.ਐਮ ਮਾਰਕਫੈੱਡ), ਵਿਜੇ ਕੁਮਾਰ (ਡੀ.ਡੀ.ਐਮ.ਓ, ਪੰਜਾਬ ਮੰਡੀ ਬੋਰਡ), ਡਾ: ਗੁਰਪ੍ਰੀਤ ਕੌਰ (ਸਿਵਲ ਸਰਜਨ ਦਫ਼ਤਰ), ਬਲਬੀਰ ਸਿੰਘ (ਸੀਨੀਅਰ ਸਹਾਇਕ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਦਫ਼ਤਰ), ਰਾਜਬੀਰ ਸਿੰਘ (ਡੀ.ਪੀ.ਡੀ.ਓ ਬਟਾਲਾ), ਬੀ.ਕੇ ਸਿੰਘ (ਡੀ.ਪੀ.ਡੀ.ਓ. ਗੁਰਦਾਸਪੁਰ), ਮਨਜੋਤ ਕੌਰ (ਡੀ.ਐੱਸ.ਪੀ. ਬਟਾਲਾ), ਸੂਬੇਦਾਰ ਸਲਵਿੰਦਰ ਸਿੰਘ (ਈ.ਸੀ.ਐਚ.ਐੱਸ. ਗੁਰਦਾਸਪੁਰ), ਹਰਪ੍ਰੀਤ ਸਿੰਘ (ਡੀ.ਡੀ.ਪੀ.ਓ ਗੁਰਦਾਸਪੁਰ) ਹਾਜ਼ਰ ਸਨ | ਇਸ ਤੋਂ ਇਲਾਵਾ ਜ਼ਿਲ੍ਹਾ ਸੈਨਿਕ ਬੋਰਡ ਦੇ ਨਾਨ-ਅਫ਼ਿਸ਼ਲ ਮੈਂਬਰਾਂ ਵਲੋਂ ਵੀ ਭਾਗ ਲਿਆ ਤੇ ਸਾਬਕਾ ਸੈਨਿਕਾਂ ਨੂੰ ਦਰਪੇਸ਼ ਮੁਸ਼ਕਿਲਾਂ ਸਬੰਧੀ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ | ਅੰਤ 'ਚ ਕਮਾਂਡਰ ਬਲਜਿੰਦਰ ਵਿਰਕ (ਰਿਟਾਇਰਡ), ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਵਲੋਂ ਸਮੂਹ ਅਧਿਕਾਰੀਆਂ ਦਾ ਧੰਨਵਾਦ ਕੀਤਾ |