ਡੇਰਾ ਬਾਬਾ ਨਾਨਕ, 30 ਜਨਵਰੀ (ਹੀਰਾ ਸਿੰਘ ਮਾਂਗਟ)-ਨਜ਼ਦੀਕੀ ਬਾਬਾ ਗਰੀਬ ਦਾਸ ਗਊਸ਼ਾਲਾ ਮਛਰਾਲਾ ਵਿਖੇ ਪੰਜਾਬ ਗਊ ਸੇਵਾ ਕਮਿਸ਼ਨ ਤੇ ਪਸ਼ੂ ਪਾਲਣ ਵਿਭਾਗ ਦੇ ਸਾਂਝੇ ਸਹਿਯੋਗ ਸਦਕਾ ਗਊ ਭਲਾਈ ਕੈਂਪ ਲਗਾਇਆ ਗਿਆ | ਕੈਂਪ ਦਾ ਮੁੱਖ ਮਕਸਦ ਗਊਆਂ ਦੀ ਸਿਹਤ ਸੰਭਾਲ ਬਿਮਾਰੀਆਂ ਤੋਂ ਬਚਾਅ ਤੇ ਗਊ ਸੇਵਾ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਸੀ | ਇਸ ਮੌਕੇ ਸੀਨੀਅਰ ਵੈਟਰਨਰੀ ਅਫ਼ਸਰ ਡੇਰਾ ਬਾਬਾ ਨਾਨਕ ਡਾ. ਗੁਰਦੇਵ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਉਨ੍ਹਾਂ ਲੋਕਾਂ ਨੂੰ ਗਾਵਾਂ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਗਊ ਸੇਵਾ ਸਿਰਫ ਧਾਰਮਿਕ ਕਰਤੱਵ ਨਹੀਂ, ਸਗੋਂ ਸਮਾਜਿਕ ਜ਼ਿੰਮੇਵਾਰੀ ਵੀ ਹੈ | ਉਨ੍ਹਾਂ ਭਰੋਸਾ ਦਿੱਤਾ ਕਿ ਬਾਬਾ ਗਰੀਬ ਦਾਸ ਗਊਸ਼ਾਲਾ ਦੀ ਤਰੱਕੀ ਤੇ ਵਿਕਾਸ ਲਈ ਉਹ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਹਮੇਸ਼ਾ ਹਾਜ਼ਰ ਹਨ | ਇਸ ਮੌਕੇ ਪੰਜਾਬ ਗਊ ਸੇਵਾ ਕਮਿਸ਼ਨ ਵਲੋਂ ਗਊਸ਼ਾਲਾ ਨੂੰ ਕਰੀਬ 25 ਹਜਾਰ ਰੁਪਏ ਦੀਆਂ ਦਵਾਈਆਂ ਵੀ ਭੇਟ ਕੀਤੀਆਂ ਗਈਆਂ | ਇਸ ਮੌਕੇ ਗਊਸ਼ਾਲਾ ਦੇ ਮੁੱਖ ਸੇਵਾਦਾਰ ਬਾਬਾ ਗੁਰਸੇਵਕ ਤੇ ਬਾਬਾ ਨਿਸ਼ਾਨ ਸਿੰਘ ਨੇ ਪੰਜਾਬ ਗਊ ਸੇਵਾ ਕਮਿਸ਼ਨ ਵਿਭਾਗ ਵਲੋਂ ਦਿੱਤੀ ਗਈ ਸਹਾਇਤਾ ਨੂੰ ਸਵੀਕਾਰ ਕਰਦਿਆਂ ਉਨ੍ਹਾਂ ਦਾ ਦਿਲੋਂ ਧੰਨਵਾਦ ਕੀਤਾ ਗਿਆ | ਇਸ ਮੌਕੇ ਡਾਕਟਰ ਜੀਵਨਜੋਤ ਸਿੰਘ, ਡਾਕਟਰ ਜੋਤਵੀਰ ਕੌਰ, ਡਾਕਟਰ ਅਰਸ਼ਦੀਪ ਕੌਰ, ਪ੍ਰਗਟ ਸਿੰਘ ਵੈਟਰਨਰੀ ਇੰਸਪੈਕਟਰ, ਵੀ.ਪੀ. ਸੁੱਚਾ ਸਿੰਘ ਅਤੇ ਵੀ.ਪੀ. ਕੁਲਦੀਪ ਸਿੰਘ ਆਦਿ ਹਾਜ਼ਰ ਸਨ |