ਗੁਰਦਾਸਪੁਰ, 22 ਫਰਵਰੀ (ਚੱਕਰਾਜਾ)-ਰਾਸ਼ਟਰੀ ਅਵਿਸ਼ਕਾਰ ਅਭਿਆਨ ਤਹਿਤ ਰਾਜ ਪੱਧਰੀ ਸਾਇੰਸ ਪ੍ਰਦਰਸ਼ਨੀ ਮੁਕਾਬਲਾ ਜੀ.ਐਨ.ਏ ਯੂਨੀਵਰਸਿਟੀ ਫਗਵਾੜਾ ਵਿਖੇ ਆਯੋਜਿਤ ਕੀਤਾ ਗਿਆ | ਇਸ ਪ੍ਰਦਰਸ਼ਨੀ 'ਚ ਸਿਹਤ ਤੇ ਸਵੱਛਤਾ ਥੀਮ ਵਿਚ ਪਹਿਲੀ ਪੁਜ਼ੀਸ਼ਨ ਸਰਕਾਰੀ ਹਾਈ ਸਕੂਲ ਸਾਧੂਚੱਕ ਨੇ ਹਾਸਲ ਕੀਤੀ | ਵਿਦਿਆਰਥਣ ਖੁਸ਼ੀ ਨੂੰ ਸਟੇਟ ਪੱਧਰ 'ਤੇ ਮੁਕਾਬਲੇ ਲਈ ਤਿਆਰ ਕਰਨ 'ਚ ਗਾਈਡ ਅਧਿਆਪਕਾ ਬਾਲਾ ਰੇਨੂੰ, ਹੈਡ ਮਾਸਟਰ ਦਵਿੰਦਰ ਕੁਮਾਰ, ਬੀ.ਆਰ.ਸੀ ਗੁਰਵਿੰਦਰ ਸਿੰਘ ਸਿੰਘ ਤੇ ਅਰੁਣ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ | ਉਨ੍ਹਾਂ ਦੀ ਲਗਨ ਤੇ ਸਹਿਯੋਗ ਕਾਰਨ ਇਹ ਪ੍ਰਦਰਸ਼ਨੀ 'ਚ ਵਿਦਿਆਰਥਣ ਖੁਸ਼ੀ ਨੇ ਸਟੇਟ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿਚ ਸਫਲਤਾ ਹਾਸਲ ਕੀਤੀ | ਡੀ.ਈ.ਓ ਪਰਮਜੀਤ ਕੌਰ ਨੇ ਕਿਹਾ ਕਿ ਇਹ ਪ੍ਰਦਰਸ਼ਨੀਆਂ ਵਿਦਿਆਰਥੀਆਂ ਵਿਚ ਨਵੀਂ ਸੋਚ ਤੇ ਵਿਗਿਆਨਕ ਰੁਚੀ ਨੂੰ ਮਜ਼ਬੂਤ ਕਰਦੀਆਂ ਹਨ | ਡੀ.ਆਰ.ਸੀ ਅਸ਼ੋਕ ਕੁਮਾਰ ਨੇ ਕਿਹਾ ਕਿ ਅਧਿਆਪਕਾਂ ਦੀ ਮਿਹਨਤ ਤੇ ਬੱਚਿਆਂ ਦੇ ਜੋਸ਼ ਨੇ ਇਸ ਸਮਾਗਮ ਨੂੰ ਕਾਮਯਾਬ ਬਣਾਇਆ ਹੈ | ਸਕੂਲ ਹੈੱਡ ਮਾਸਟਰ ਦਵਿੰਦਰ ਕੁਮਾਰ ਨੇ ਕਿਹਾ ਕਿ ਸਕੂਲ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਕਾਬਲੀਅਤ ਨੇ ਇਕ ਵਾਰ ਫਿਰ ਸਾਬਤ ਕੀਤਾ ਹੈ ਕਿ ਸਹੀ ਮਾਰਗ ਦਰਸ਼ਨ ਅਤੇ ਮਿਹਨਤ ਨਾਲ ਹਰ ਮੰਜ਼ਿਲ ਨੂੰ ਸਰ ਕਰਨਾ ਸੰਭਵ ਹੈ | ਜ਼ਿਲ੍ਹਾ ਨੋਡਲ ਅਫ਼ਸਰ ਗੀਤਿਕਾ ਗੋਸਵਾਮੀ ਨੇ ਵਿਦਿਆਰਥੀਆਂ ਨੂੰ ਨਵੀਂ ਸੋਚ, ਰਚਨਾਤਮਿਕਤਾ ਤੇ ਵਿਗਿਆਨਕ ਦਿ੍ਸ਼ਟੀਕੋਣ ਦਾ ਪ੍ਰਦਰਸ਼ਨ ਕਰਦਿਆਂ ਪ੍ਰਦਰਸ਼ਨੀ ਨੂੰ ਖ਼ਾਸ ਬਣਾਉਣ ਲਈ ਵਧਾਈ ਦਿੱਤੀ | ਆਖ਼ਰ 'ਚ ਜੇਤੂ ਵਿਦਿਆਰਥਣ ਨੂੰ ਸਨਮਾਨਿਤ ਕੀਤਾ | ਇਸ ਮੌਕੇ ਬੀ.ਆਰ.ਸੀ ਬੋਧ ਰਾਜ , ਮਾਸਟਰ ਜਸਵੀਰ ਸਿੰਘ ਅਤੇ ਸਮੂਹ ਸਕੂਲ ਸਟਾਫ ਮੌਜੂਦ ਸਨ |