ਘੁਮਾਣ, 22 ਫਰਵਰੀ (ਬੰਮਰਾਹ)-ਜ਼ਿਲ੍ਹਾ ਗੁਰਦਾਸਪੁਰ ਦੇ ਇਤਿਹਾਸਕ ਕਸਬਾ ਘੁਮਾਣ ਦੀ ਸਿਰਮੌਰ ਸਿੱਖਿਆ ਸੰਸਥਾ ਦਸ਼ਮੇਸ਼ ਸੀਨੀਅਰ ਸੈਕੰਡਰੀ ਸਕੂਲ ਘੁਮਾਣ ਵਲੋਂ ਸਿੱਖਿਆ ਖੇਤਰ ਦੇ ਨਾਲ-ਨਾਲ ਧਾਰਮਿਕ ਖੇਤਰ ਵਿਚ ਵੀ ਵੱਡੀਆਂ ਮੱਲਾਂ ਮਾਰੀਆਂ ਹਨ | ਸਤਿਨਾਮ ਸਰਬ ਕਲਿਆਣ ਟਰੱਸਟ ਚੰਡੀਗੜ੍ਹ ਵਲੋਂ ਪੰਜਾਬ ਦੇ ਗੁਰਮਤਿ ਵਿਦਿਆ ਦੇਣ ਦੇ ਚਾਹਵਾਨ ਸਕੂਲਾਂ ਵਿਚ ਇਕ-ਇਕ ਅਧਿਆਪਕ ਦਿੱਤਾ ਜਾਂਦਾ ਹੈ, ਜੋ ਕਿ ਸੰਪੂਰਨ ਸਿੱਖੀ ਸਰੂਪ ਵਿਚ ਤੇ ਅੰਮਿ੍ਤਧਾਰੀ ਹੁੰਦਾ ਹੈ | ਟਰੱਸਟ ਵਲੋਂ ਪਹਿਲੀ ਤੋਂ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਸਿਲੇਬਸ ਤਿਆਰ ਕੀਤਾ ਜਾਂਦਾ ਹੈ ਤੇ ਕਿਤਾਬਾਂ ਲਗਵਾਈਆਂ ਜਾਂਦੀਆਂ ਹਨ, ਜਿਨਾਂ ਦੇ ਆਧਾਰ 'ਤੇ ਸਾਲ ਵਿਚ 2 ਵਾਰੀ ਧਾਰਮਿਕ ਪ੍ਰੀਖਿਆਵਾਂ ਲਈਆਂ ਜਾਂਦੀਆਂ ਹਨ | ਪਹਿਲੇ, ਦੂਜੇ ਤੇ ਤੀਜੇ ਸਥਾਨ 'ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਟਰੱਸਟ ਵਲੋਂ ਸਨਮਾਨਿਤ ਕੀਤਾ ਜਾਂਦਾ ਹੈ, ਧਾਰਮਿਕ ਅਧਿਆਪਕ ਸਾਰਾ ਸਾਲ ਸਕੂਲ ਆਉਂਦੇ ਹਨ ਅਤੇ ਵਿਦਿਆਰਥੀਆਂ ਨੂੰ ਧਾਰਮਿਕ ਵਿਦਿਆ ਦੇ ਨਾਲ-ਨਾਲ ਸਿੱਖੀ ਸਰੂਪ ਅੰਮਿ੍ਤਪਾਨ ਕਰਨ ਤੇ ਸਹਿਜ ਪਾਠ ਕਰਨ ਦੇ ਨਾਲ-ਨਾਲ ਬੱਚਿਆਂ ਨੂੰ ਕੇਸ ਕਤਲ ਨਾ ਕਰਵਾਉਣ ਲਈ ਪ੍ਰੇਰਿਤ ਕਰਦੇ ਹਨ | ਟਰੱਸਟ ਵਲੋਂ ਹਰ ਸਾਲ ਦਸੰਬਰ ਮਹੀਨੇ ਵਿਚ ਵਿਦਿਅਕ ਮੁਕਾਬਲੇ ਕਰਵਾਏ ਜਾਂਦੇ ਹਨ ਅਤੇ ਜੇਤੂਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ | ਵਿਦਿਆਰਥੀਆਂ ਤੋਂ ਇਲਾਵਾ 270 ਸਕੂਲਾਂ ਦੇ ਅਧਿਆਪਕਾਂ ਦੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਹਰ ਸਾਲ ਸਭ ਤੋਂ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ, ਜਿਸ ਤਹਿਤ ਦਸ਼ਮੇਸ਼ ਸੀਨੀਅਰ ਸੈਕੰਡਰੀ ਸਕੂਲ ਦੀ ਅਧਿਆਪਕਾ ਸੰਦੀਪ ਕੌਰ ਨੇ ਇਨ੍ਹਾਂ ਮਾਪਦੰਡ ਨੂੰ ਪੂਰਾ ਕਰਦੇ ਹੋਏ 270 ਸਕੂਲਾਂ ਦੇ ਅਧਿਆਪਕਾਂ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰ ਕੇ ਬਾਬਾ ਬਕਾਲਾ ਜ਼ੋਨ ਅਤੇ ਦਸ਼ਮੇਸ਼ ਸੀਨੀਅਰ ਸੈਕੰਡਰੀ ਸਕੂਲ ਘੁਮਾਣ ਦਾ ਨਾਂਅ ਰੌਸ਼ਨ ਕੀਤਾ | ਸਕੂਲ ਦੇ ਮੈਨੇਜਿੰਗ ਡਾਇਰੈਕਟਰ ਗੁਰਨਾਮ ਸਿੰਘ ਮੰਡ ਨੇ ਮੈਡਮ ਸੰਦੀਪ ਕੌਰ ਦੀ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਵਧੀਆ ਕਾਰਗੁਜ਼ਾਰੀ ਦੀ ਸ਼ਾਲਾਘਾ ਕੀਤੀ | ਪਿ੍ੰਸੀਪਲ ਹਰਜਿੰਦਰ ਕੌਰ ਨੇ ਦੱਸਿਆ ਕਿ ਜਦੋਂ ਦੇ ਧਾਰਮਿਕ ਸਿੱਖਿਆ ਨੂੰ ਵਿਸ਼ੇ ਵਜੋਂ ਪੜਾਉਣਾ ਸ਼ੁਰੂ ਕੀਤਾ ਹੈ, ਉਸ ਦਿਨ ਤੋਂ ਬੱਚਿਆਂ ਦੀਆਂ ਆਦਤਾਂ ਵਿਚ ਸੁਧਾਰ ਹੋਇਆ ਹੈ ਅਤੇ ਮੋਬਾਇਲ ਦੀ ਵਰਤੋਂ ਘੱਟ ਕਰ ਕੇ ਕੀਰਤਨ, ਖੇਡਾਂ ਅਤੇ ਸਹਿਜ ਪਾਠ ਵਿਚ ਰੁਚੀ ਦਿਖਾਈ ਦੇ ਰਹੀ ਹੈ |