ਧਾਰੀਵਾਲ, 23 ਫਰਵਰੀ (ਜੇਮਸ ਨਾਹਰ)-ਜ਼ਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਬਲਾਕ ਧਾਰੀਵਾਲ ਦੇ ਪਿੰਡ ਅਖਲਾਸਪੁਰ ਦੇ ਰਹਿਣ ਵਾਲੇ ਹੋਮ ਗਾਰਡ ਦੇ ਜਵਾਨ ਅਸ਼ੋਕ ਕੁਮਾਰ ਤੇ ਇਕ ਸਾਥੀ ਮੁਲਾਜ਼ਮ ਦਾ ਬੀਤੇ ਕੱਲ੍ਹ ਡਿਊਟੀ ਦੌਰਾਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ | ਇਸ ਕਤਲ ਕਾਂਡ ਉਪਰੰਤ ਪਿੰਡ ਅਖ਼ਲਾਸਪੁਰ ਵਿਚ ਸੋਗ ਦਾ ਮਾਤਮ ਛਾ ਗਿਆ, ਜਿਸ ਤੋਂ ਬਾਅਦ ਅੱਜ ਪੁਲਿਸ ਪ੍ਰਸ਼ਾਸਨ ਦੀ ਅਗਵਾਈ ਵਿਚ ਮਰਹੂਮ ਅਸ਼ੋਕ ਕੁਮਾਰ ਦੀ ਮਿ੍ਤਕ ਦੇਹ ਨੂੰ ਉਨ੍ਹਾਂ ਦੇ ਜੱਦੀ ਪਿੰਡ ਅਖਲਾਸਪੁਰ ਵਿਖੇ ਲਿਆਂਦਾ ਗਿਆ, ਜਿੱਥੇ ਪਰਿਵਾਰ ਵਲੋਂ ਵਿਰਲਾਪ ਕਰਦੇ ਹੋਏ ਉਨ੍ਹਾਂ ਦੀਆਂ ਅੰਤਿਮ ਰਸਮਾਂ ਪੂਰੀਆਂ ਕਰਨ ਦੌਰਾਨ ਸੈਂਕੜੇ ਸੇਜਲ ਅੱਖਾਂ ਨਾਲ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ | ਇਸ ਮੌਕੇ ਉਨ੍ਹਾਂ ਦੇ ਵੱਡੇ ਬੇਟੇ ਸੰਦੀਪ ਸ਼ਰਮਾ ਵਲੋਂ ਉਨ੍ਹਾਂ ਨੂੰ ਚਿਖਾ ਦਿਖਾ ਕੇ ਅਗਨ ਭੇਟ ਕੀਤਾ ਗਿਆ | ਇਸ ਦੁੱਖ ਦੀ ਘੜੀ ਵਿਚ ਵਿਧਾਨ ਸਭਾ ਹਲਕਾ ਕਾਦੀਆਂ ਦੇ ਵਿਧਾਇਕ ਅਤੇ ਵਿਰੋਧੀ ਧਿਰ ਦੇ ਨੇਤਾ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਵਿਧਾਨ ਸਭਾ ਹਲਕਾ ਕਾਦੀਆਂ ਵਿਖੇ 'ਆਪ' ਦੇ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਸਮੇਤ ਪੁਲਿਸ ਦੇ ਆਲਾ ਉੱਚ ਅਧਿਕਾਰੀਆਂ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕਰ ਕੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਡਾਕਟਰ ਨਰੇਸ਼ ਕੁਮਾਰ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਤਲ ਹੋਏ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਇਕ-ਇਕ ਕਰੋੜ ਰੁਪਏ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ | ਪੁੱਛੇ ਗਏ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਜਾਂਚ ਚੱਲ ਰਹੀ ਹੈ, ਇਸ ਘਟਨਾ ਦੀ ਪੂਰੀ ਜਾਣਕਾਰੀ ਮੀਡਿਆ ਸਾਹਮਣੇ ਲਿਆਂਦੀ ਜਾਏਗੀ | ਉਧਰ ਦੂਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਜਦੋਂ ਦੀ ਸੂਬੇ ਪੰਜਾਬ ਵਿਚ ਇਹ ਸਰਕਾਰ ਬਣੀ ਹੈ, ਉਦੋਂ ਤੋਂ ਲੈ ਕੇ ਹੁਣ ਤੱਕ ਦਿਨ-ਦਿਹਾੜੇ ਹਰ ਰੋਜ਼ ਕਤਲ ਹੋ ਰਹੇ ਹਨ | ਉਧਰ ਮਰਹੂਮ ਅਸ਼ੋਕ ਕੁਮਾਰ ਦੇ ਪਰਿਵਾਰਕ ਮੈਂਬਰਾਂ ਵਿਚੋਂ ਉਨ੍ਹਾਂ ਦੀ ਮਾਤਾ ਕਿ੍ਸ਼ਨਾ ਦੇਵੀ, ਪੁਲਿਸ ਮੁਲਾਜ਼ਮ ਬੇਟੀ ਮਮਤਾ ਸ਼ਰਮਾ, ਲੜਕਾ ਅਭਿਸ਼ੇਕ ਸ਼ਰਮਾ, ਸੰਦੀਪ ਸ਼ਰਮਾ, ਪਤਨੀ ਤਿ੍ਪਤਾ ਅਤੇ ਭਰਾ ਵਿਪਨ ਕੁਮਾਰ ਮੁਲਾਜ਼ਮ ਪੰਜਾਬ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਪੰਜਾਬ ਸਰਕਾਰ ਅਤੇ ਪੁਲਿਸ ਵਿਭਾਗ ਵਲੋਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਦੇ ਹੋਏ ਕਤਲ ਸਬੰਧੀ ਪੂਰਾ ਇਨਸਾਫ਼ ਦਿਵਾਇਆ ਜਾਵੇਗਾ | ਇਸ ਮੌਕੇ ਏ.ਡੀ.ਜੀ.ਪੀ. ਹੋਮਗਾਰਡ ਸ: ਹਰਮਨਜੀਤ ਸਿੰਘ, ਪੰਜਾਬ ਡੀ.ਆਈ.ਜੀ. ਸ੍ਰੀ ਅਨਿਲ ਕੁਮਾਰ ਪ੍ਰਥੀ, ਬਟਾਲੀਅਨ ਕਮਾਂਡਰ ਸ੍ਰੀਮਤੀ ਨਿਰਮਲਾ, ਜ਼ਿਲ੍ਹਾ ਕਮਾਂਡਰ ਰਾਵੇਲ ਸਿੰਘ, ਇੰਸਪੈਕਟਰ ਵਰਿੰਦਰ ਕੁਮਾਰ, ਐੱਸ.ਐੱਸ.ਪੀ. ਆਦਿਤਿਆਂ, ਡੀ.ਐੱਸ.ਪੀ. ਕੁਲਵੰਤ ਸਿੰਘ ਥਾਣਾ ਮੁੱਖੀ ਦੀਪਿਕਾ, ਸਾਬਕਾ ਚੇਅਰਮੈਨ ਵਜ਼ੀਰ ਸਿੰਘ ਲਾਲੀ ਸੰਘਰ, ਬਰਿੰਦਰ ਸਿੰਘ ਛੋਟੇਪੁਰ, ਸਰਪੰਚ ਹਰਪਾਲ ਸਿੰਘ ਕੰਗ ਆਦਿ ਹਾਜ਼ਰ ਸਨ |