ਧਾਰੀਵਾਲ, 23 ਫਰਵਰੀ (ਸਵਰਨ ਸਿੰਘ)-ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਧਾਰੀਵਾਲ ਵਿਖੇ ਬਣਨ ਜਾ ਰਹੇ ਡਾਕਟਰ ਅੰਬੇਡਕਰ ਭਵਨ ਦਾ ਨੀਂਹ ਪੱਥਰ ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਵਲੋਂ ਰੱਖਿਆ ਗਿਆ | ਇਸ ਕਾਰਜ ਲਈ ਕੈਬਨਿਟ ਮੰਤਰੀ ਨੇ ਆਪਣੇ ਅਖ਼ਤਿਆਰੀ ਫੰਡ 'ਚੋਂ 5 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ | ਉਨ੍ਹਾਂ ਤੋਂ ਇਲਾਵਾ ਇਸ ਕਾਰਜ ਲਈ ਡਾਕਟਰ ਕਮਲਜੀਤ ਸਿੰਘ ਕੇ.ਜੇ. ਤੇ ਪ੍ਰੇਮ ਸਿੰਘ ਸਿੰਘਪੁਰੀਆ ਵਲੋਂ ਇਕ-ਇਕ ਲੱਖ ਰੁਪਏ, ਕਮੇਟੀ ਪ੍ਰਧਾਨ ਗਿਆਨੀ ਪ੍ਰਕਾਸ਼ ਚੰਦ ਤੇ ਪ੍ਰੈਸ ਸਕੱਤਰ ਹਰਭਜਨ ਸਿੰਘ ਵਲੋ ਪੰਜਾਹ ਹਜ਼ਾਰ ਰੁਪਏ ਦਾ ਵੱਖਰਾ ਯੋਗਦਾਨ ਪਾਇਆ ਗਿਆ | ਇਸ ਮੌਕੇ ਕੈਬਨਿਟ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਹਰੇਕ ਧਰਮ ਦਾ ਸਤਿਕਾਰ ਕਰਦੇ ਹੋਏ ਸ੍ਰੀ ਗੁਰੂ ਰਵਿਦਾਸ ਜੀ ਦਾ 650ਵਾਂ ਪ੍ਰਕਾਸ਼ ਪੁਰਬ ਸਮਾਗਮ ਪੂਰਾ ਸਾਲ ਸਤਿਕਾਰ ਸਾਹਿਤ ਮਨਾਏ ਜਾਣਗੇ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਡੇਰਾ ਸੱਚਖੰਡ ਬੱਲਾਂ ਵਿਖੇ 10 ਏਕੜ ਜ਼ਮੀਨ ਅਧਿਐਨ ਸੈਂਟਰ ਬਣੇਗਾ, ਜਿੱਥੇ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਦਾ ਅਧਿਐਨ ਹੋਵੇਗਾ | ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਵਲੋਂ 12 ਵਿਸ਼ੇਸ਼ ਰੇਲ ਗੱਡੀਆਂ ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਸਥਾਨ ਕਾਸੀ ਵਿਖੇ ਪੰਜਾਬ ਵਿਚੋਂ ਜਾਣਗੀਆਂ, ਜਿੱਥੇ ਸੰਗਤਾਂ ਨਤਮਸਤਕ ਹੋ ਕੇ ਆਉਣਗੀਆਂ | ਇਸ ਮੌਕੇ ਹਲਕਾ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ, ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਧਾਰੀਵਾਲ ਦੇ ਪ੍ਰਧਾਨ ਗਿਆਨੀ ਪ੍ਰਕਾਸ਼ ਚੰਦ, ਸੈਕਟਰੀ ਬਲਕਾਰ ਸਿੰਘ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾਕਟਰ ਕਮਲਜੀਤ ਸਿੰਘ ਕੇ.ਜੇ., ਚੇਅਰਮੈਨ ਭੁਪਿੰਦਰ ਸਿੰਘ ਰਿੰਕਾ, ਨਗਰ ਕੌਂਸਲ ਪ੍ਰਧਾਨ ਅਸ਼ਵਨੀ ਦੁੱਗਲ, ਮੀਤ ਪ੍ਰਧਾਨ ਦੀਪਕ ਕੁਮਾਰ ਰਿੰਟੂ, ਨੋਨੀ ਖੋਸਲਾ, ਨਰਾਇਣ ਮਲਹੋਤਰਾ, ਸੇਵਾ ਮੁਕਤ ਐੱਸ.ਡੀ.ਓ. ਇੰਜ. ਕਸਤੂਰੀ ਲਾਲ, ਸਰਪੰਚ ਨੰਦ ਲਾਲ ਕਲਿਆਣਪੁਰ, 'ਆਪ' ਐੱਸ.ਸੀ. ਵਿੰਗ ਜ਼ਿਲ੍ਹਾ ਪ੍ਰਧਾਨ ਜਸਵਿੰਦਰਪਾਲ, ਗੁਰਮੀਤ ਸਿੰਘ ਸਰਪੰਚ, ਬੀਬੀ ਸੁਖਵਿੰਦਰ ਕੌਰ ਬਾਜਵਾ ਆਦਿ ਸ਼ਖ਼ਸੀਅਤਾਂ ਹਾਜ਼ਰ ਸਨ |