ਗੁਰਦਾਸਪੁਰ, 11 ਮਾਰਚ (ਚੱਕਰਾਜਾ)-ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਚੱਲ ਰਹੀ ਫ਼ੌਜ ਦੀ ਭਰਤੀ ਜੋ 17 ਮਾਰਚ ਤੱਕ ਚੱਲੇਗੀ | ਇਸ ਭਰਤੀ ਵਿਚ ਭਾਗ ਲੈਣ ਲਈ ਹਜ਼ਾਰਾਂ ਦੀ ਗਿਣਤੀ ਵਿਚ ਆਏ ਨੌਜਵਾਨ ਜਿਨ੍ਹਾਂ ਲਈ ਇਨ੍ਹੀਂ ਦਿਨੀਂ ਗੁਰਦੁਆਰਾ ਸੰਗਤਪੁਰਾ ਬਥਵਾਲਾ ਗੁਰਦਾਸਪੁਰ ਸਹਾਰਾ ਬਣਿਆ ਹੋਇਆ ਹੈ | ਹਜ਼ਾਰਾਂ ਦੀ ਗਿਣਤੀ 'ਚ ਭਰਤੀ ਦੇਖਣ ਆਏ ਨੌਜਵਾਨ ਜਿਨ੍ਹਾਂ ਦੇ ਰਹਿਣ ਅਤੇ ਖਾਣੇ ਦਾ ਪ੍ਰਬੰਧ ਵੀ ਗੁਰਦੁਆਰਾ ਸਾਹਿਬ ਵਲੋਂ ਚਲਾਇਆ ਜਾ ਰਿਹਾ ਹੈ ਜੋ ਕਿ ਸ਼ਲਾਘਾਯੋਗ ਕਦਮ ਹੈ, ਕਿਉਂਕਿ ਪਿਛਲੇ ਦਿਨਾਂ ਤੋਂ ਇੰਨੀ ਵੱਡੀ ਗਿਣਤੀ 'ਚ ਪਹੁੰਚ ਰਹੇ ਨੌਜਵਾਨਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੋਈ ਵਧੀਆ ਪ੍ਰਬੰਧ ਨਾ ਕਰ ਸਕਣ ਕਾਰਨ ਨੌਜਵਾਨਾਂ ਦੀ ਖੱਜਲ ਖ਼ੁਆਰੀ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਸਨ ਪਰ ਗੁਰਦੁਆਰਾ ਸਾਹਿਬ ਵਲੋਂ ਇਨ੍ਹਾਂ ਨੌਜਵਾਨਾਂ ਨੰੂ ਰਹਿਣ ਲਈ ਜਗ੍ਹਾ ਦੇਣ ਨਾਲ ਨੌਜਵਾਨ ਵੱਡੀ ਰਾਹਤ ਮਹਿਸੂਸ ਕਰ ਰਹੇ ਹਨ | ਇਸ ਸਬੰਧੀ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸਤਿੰਦਰ ਸਿੰਘ ਨੇ ਦੱਸਿਆ ਕਿ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਤੋਂ ਵਰਸਾਏ ਮਹਾਂਪੁਰਖ ਸੰਤ ਬਾਬਾ ਹਰੀ ਸਿੰਘ ਜੀ ਗੁਰਦੁਆਰਾ ਕਿਲ੍ਹਾ ਅਟੱਲਗੜ੍ਹ ਮੁਕੇਰੀਆਂ ਦੇ ਤਪ ਅਸਥਾਨ ਗੁਰਦੁਆਰਾ ਸੰਗਤਪੁਰਾ ਬਥਵਾਲਾ ਦੀ ਇਹ ਮਰਿਆਦਾ ਰਹੀ ਹੈ ਕਿ ਇਥੇ ਆਉਣ ਵਾਲੀ ਸੰਗਤ ਨੰੂ ਦੇਸੀ ਘਿਉ ਨਾਲ ਚੋਪੜਿਆ ਪ੍ਰਸ਼ਾਦਾ, ਚਾਹ ਅਤੇ ਲੱਸੀ ਦਾ ਲੰਗਰ ਛਕਾਇਆ ਜਾਂਦਾ ਹੈ | ਇਸੇ ਤਹਿਤ ਹੀ ਭਰਤੀ ਦੇਖਣ ਆਏ ਨੌਜਵਾਨਾਂ ਲਈ ਵੀ ਗੁਰਦੁਆਰਾ ਸਾਹਿਬ ਵਲੋਂ ਨਿਰਪੱਖ ਸੇਵਾ ਕਰਦੇ ਹੋਏ ਇਕ ਵੱਡੇ ਹਾਲ 'ਚ ਜਿਥੇ ਗੱਦਿਆਂ, ਬਿਸਤਰਿਆਂ ਦਾ ਪ੍ਰਬੰਧ ਕੀਤਾ ਗਿਆ ਹੈ ਉੱਥੇ ਦਿਨ ਰਾਤ ਲੰਗਰ ਚਲਾਏ ਜਾ ਰਹੇ ਹਨ ਤੇ ਲੰਗਰ ਪਕਾਉਣ ਲਈ ਬੀਬੀਆਂ ਤੇ ਹੋਰ ਇਲਾਕੇ ਦੀਆਂ ਸੰਗਤਾਂ ਨਿਸ਼ਚਾ ਨਾਲ ਰੋਜ਼ਾਨਾ ਹੀ ਵੱਡੀ ਸੇਵਾ ਨਿਭਾਅ ਰਹੀਆਂ ਹਨ | ਉਨ੍ਹਾਂ ਕਿਹਾ ਕਿ ਪਹਿਲਾਂ ਵੀ ਗੁਰਦੁਆਰਾ ਸਾਹਿਬ ਵਲੋਂ ਇਸੇ ਤਰ੍ਹਾਂ ਭਰਤੀ ਦੇਖਣ ਆਏ ਬੱਚਿਆਂ ਲਈ ਅਜਿਹੇ ਪ੍ਰਬੰਧ ਕੀਤੇ ਜਾਂਦੇ ਰਹੇ ਹਨ |