ਧਿਆਨਪੁਰ, 11 ਮਾਰਚ (ਕੁਲਦੀਪ ਸਿੰਘ ਸੋਨੂੰ)- ਪੂਰੀ ਦੁਨੀਆਂ ਵਿਚ ਮਹਾਨ ਆਸਥਾ ਰੱਖਦੇ ਪਾਵਨ ਮੰਦਿਰ ਧਿਆਨਪੁਰ ਦੀ ਮਹਾਨਤਾ ਨੂੰ ਮੁੱਖ ਰੱਖਦੇ ਹੋਏ ਧਿਆਨਪੁਰ ਤੋਂ ਸਵੇਰੇ 5 ਵਜੇ ਸਿੱਧੀ ਬੱਸ ਚੰਡੀਗੜ੍ਹ ਨੂੰ ਚਲਾਈ ਜਾਵੇ | ਇਹ ਮੰਗ ਆਲ ਇੰਡੀਆ ਲੋਕ ਯੁਵਾ ਸ਼ਕਤੀ ਪਾਰਟੀ ਦੇ ਪ੍ਰਧਾਨ ਤੇ ਉੱਘੇ ਸਮਾਜ ਸੇਵਕ ਡਾ. ਸਤਨਾਮ ਸਿੰਘ ਬਾਜਵਾ ਨੇ ਪੰਜਾਬ ਸਰਕਾਰ ਤੋਂ ਕੀਤੀ | ਉਨ੍ਹਾਂ ਕਿਹਾ ਕਿ ਧਿਆਨਪੁਰ ਸ੍ਰੀ ਬਾਵਾ ਲਾਲ ਜੀ ਦਾ ਇਤਿਹਾਸਕ ਮੰਦਿਰ ਹੈ, ਇਥੇ ਦੁਨੀਆਂ ਦੇ ਕੋਨੇ-ਕੋਨੇ ਤੋਂ ਲੱਖਾਂ ਸੰਗਤਾਂ ਮੱਥਾ ਟੇਕਣ ਵਾਸਤੇ ਆਉਂਦੀਆਂ ਹਨ ਜਿਸ ਕਰ ਕੇ ਇਸ ਪਾਵਨ ਨਗਰੀ ਤੋਂ ਚੰਡੀਗੜ੍ਹ ਵਾਸਤੇ ਬੱਸ ਜਾਣੀ ਚਾਹੀਦੀ ਹੈ | ਡਾ. ਬਾਜਵਾ ਨੇ ਹਲਕਾ ਵਿਧਾਇਕ ਸ: ਗੁਰਦੀਪ ਸਿੰਘ ਰੰਧਾਵਾ ਨੂੰ ਅਪੀਲ ਕੀਤੀ ਤੇ ਕਿਹਾ ਕਿ ਜਿਹੜੇ ਮੁਸਾਫ਼ਰ ਡੇਰਾ ਬਾਬਾ ਨਾਨਕ ਤੋਂ 3:40 ਤੋਂ ਚੱਲਣ ਵਾਲੀ ਬੱਸ ਤੋਂ ਜਾਣ ਲਈ ਰਹਿ ਜਾਂਦੇ ਹਨ, ਉਹ ਧਿਆਨਪੁਰ ਤੋਂ ਚੱਲਣ ਵਾਲੀ ਚੰਡੀਗੜ੍ਹ ਵਾਲੀ ਬੱਸ 'ਤੇ ਚਲੇ ਜਾਇਆ ਕਰਨਗੇ | ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਵਿਚ ਧਿਆਨਪਰ ਮੰਦਿਰ ਦੀ ਬਹੁਤ ਜ਼ਿਆਦਾ ਮਹਾਨਤਾ ਹੈ, ਇਸ ਕਰ ਕੇ ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਹੋਣੀ ਚਾਹੀਦੀ | ਇਸ ਮੌਕੇ ਗਿਆਨ ਸਿੰਘ, ਹਰਭਜਨ ਸਿੰਘ, ਹਰਪਾਲ ਸਿੰਘ ਖਾਲਸਾ, ਬਲਜੀਤ ਸਿੰਘ, ਜਸਵੰਤ ਸਿੰਘ ਅਤੇ ਸਵਿੰਦਰ ਸਿੰਘ ਆਦਿ ਹਾਜ਼ਰ ਸਨ |