ਬਟਾਲਾ, 11 ਮਾਰਚ (ਸਤਿੰਦਰ ਸਿੰਘ)- ਭਾਰਤੀ ਜਨਤਾ ਪਾਰਟੀ ਵਲੋਂ 14 ਮਾਰਚ ਨੂੰ ਮੋਗਾ ਵਿਚ ਕਰਵਾਈ ਜਾ ਰਹੀ ਵਿਸ਼ਾਲ 'ਬਦਲਾਅ ਰੈਲੀ' ਨੂੰ ਲੈ ਕੇ ਪੰਜਾਬ ਦੀ ਰਾਜਨੀਤੀ ਵਿਚ ਖ਼ਾਸ ਚਰਚਾ ਬਣੀ ਹੋਈ ਹੈ | ਭਾਰਤੀ ਜਨਤਾ ਪਾਰਟੀ ਪੰਜਾਬ ਦੇ ਬੁਲਾਰੇ ਅਤੇ ਸੀਨੀਅਰ ਭਾਜਪਾ ਆਗੂ ਯਾਦਵਿੰਦਰ ਸਿੰਘ ਬੁੱਟਰ ਨੇ ਕਿਹਾ ਕਿ ਮੋਗਾ ਵਿਚ ਹੋਣ ਵਾਲੀ ਇਹ ਬਦਲਾਅ ਰੈਲੀ ਪੰਜਾਬ ਦੀ ਸਿਆਸਤ ਵਿਚ ਇੱਕ ਨਵਾਂ ਮੋੜ ਸਾਬਤ ਹੋਵੇਗੀ ਅਤੇ ਸੂਬੇ ਵਿਚ ਰਾਜਨੀਤਿਕ ਤਬਦੀਲੀ ਦੀ ਮਜ਼ਬੂਤ ਸ਼ੁਰੂਆਤ ਕਰੇਗੀ | ਬੁੱਟਰ ਨੇ ਕਿਹਾ ਕਿ ਪੰਜਾਬ ਦੇ ਲੋਕ ਲੰਮੇ ਸਮੇਂ ਤੋਂ ਰਵਾਇਤੀ ਪਾਰਟੀਆਂ ਦੀਆਂ ਨੀਤੀਆਂ ਤੇ ਸਰਕਾਰਾਂ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਹੋ ਚੁੱਕੇ ਹਨ | ਸੂਬੇ ਵਿਚ ਵਿਕਾਸ ਬੰਦ ਹੋਣ, ਕਾਨੂੰਨ-ਵਿਵਸਥਾ ਦੀ ਸਥਿਤੀ ਤੇ ਲੋਕ-ਹਿੱਤ ਦੇ ਮਸਲਿਆਂ 'ਤੇ ਗੰਭੀਰਤਾ ਦੀ ਘਾਟ ਕਾਰਨ ਲੋਕਾਂ ਵਿਚ ਨਿਰਾਸ਼ਾ ਪਾਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤਾਂ ਵਿਚ ਪੰਜਾਬ ਦੇ ਲੋਕ ਹੁਣ ਇਕ ਮਜ਼ਬੂਤ ਅਤੇ ਭਰੋਸੇਯੋਗ ਵਿਕਲਪ ਦੀ ਤਲਾਸ਼ ਵਿਚ ਹਨ ਤੇ ਇਹ ਵਿਕਲਪ ਭਾਰਤੀ ਜਨਤਾ ਪਾਰਟੀ ਦੇ ਰੂਪ ਵਿਚ ਉਨ੍ਹਾਂ ਨੂੰ ਨਜ਼ਰ ਆ ਰਿਹਾ ਹੈ | ਬੁੱਟਰ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਇਨ੍ਹਾਂ ਨੀਤੀਆਂ ਤੇ ਉਪਲਬਧੀਆਂ ਤੋਂ ਪ੍ਰਭਾਵਿਤ ਹੋ ਕੇ ਹੁਣ ਪੰਜਾਬ ਦੇ ਲੋਕ ਵੀ ਭਾਜਪਾ ਤੋਂ ਵੱਡੀਆਂ ਉਮੀਦਾਂ ਰੱਖ ਰਹੇ ਹਨ | ਬੁੱਟਰ ਨੇ ਦੱਸਿਆ ਕਿ 14 ਮਾਰਚ ਨੂੰ ਮੋਗਾ ਵਿਚ ਹੋਣ ਵਾਲੀ 'ਬਦਲਾਅ ਰੈਲੀ' ਨੂੰ ਇਤਿਹਾਸਕ ਬਣਾਉਣ ਲਈ ਪਾਰਟੀ ਵਲੋਂ ਪੂਰੇ ਪੰਜਾਬ ਵਿਚ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ | ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਅਤੇ ਕੇਂਦਰੀ ਨੇਤਾ ਵੀ ਲੋਕਾਂ ਨੂੰ ਸੰਬੋਧਨ ਕਰਨਗੇ | ਅੰਤ ਵਿਚ ਬੁੱਟਰ ਨੇ ਪਾਰਟੀ ਦੇ ਵਰਤਕਰਾਂ ਅਤੇ ਸਮਰਥਕਾਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿਚ ਮੋਗਾ ਪਹੁੰਚ ਕੇ 14 ਮਾਰਚ ਦੀ ਬਦਲਾਅ ਰੈਲੀ ਨੂੰ ਇਤਿਹਾਸਕ ਬਣਾਉਣ ਵਿਚ ਆਪਣਾ ਯੋਗਦਾਨ ਪਾਉਣ |