ਗੁਰਦਾਸਪੁਰ, 15 ਅਪ੍ਰੈਲ (ਅਸ਼ੋਕ ਸ਼ਰਮਾ)- ਗੁਰਦਾਸਪੁਰ ਤੇ ਦਿਹਾਤੀ ਮੰਡੀਆਂ ਵਿਚ ਵੱਖ ਵੱਖ ਖ਼ਰੀਦ ਏਜੰਸੀਆਂ ਵਲੋਂ ਬਾਰਦਾਨਾ ਸਮੇਂ ਸਿਰ ਨਾ ਭੇਜਣ ਕਰਕੇ ਆੜ੍ਹਤੀ ਤੇ ਕਿਸਾਨ ਕਾਫ਼ੀ ਪ੍ਰੇਸ਼ਾਨ ਹਨ ਅਤੇ ਕਿਸਾਨਾਂ ਦੀ ਆੜ੍ਹਤੀਆਂ ਵਲੋਂ ਖ਼ਰੀਦੀ ਕਣਕ ਪ੍ਰਾਈਵੇਟ ਬਾਰਦਾਨੇ ਵਿਚ ਪਾਉਣ ਲਈ ਮਜਬੂਰ ਹਨ | ਜਦੋਂ ਇਸ ਪ੍ਰਤੀਨਿਧ ਵਲੋਂ ਵੱਖ-ਵੱਖ ਦਿਹਾਤੀ ਮੰਡੀਆਂ ਦਾ ਦੌਰਾ ਕੀਤਾ ਤਾਂ ਆੜ੍ਹਤੀਆਂ ਨੇ ਆਪਣੇ ਨਾਂਅ ਗੁਪਤ ਰੱਖਣ ਦੀ ਸ਼ਰਤ ਵਿਚ ਦੱਸਿਆ ਕਿ ਵਿਸਾਖੀ ਤੋਂ ਬਾਅਦ ਮੌਸਮ ਖ਼ੁਸ਼ਕ ਹੋਣ ਕਰਕੇ ਕਿਸਾਨਾਂ ਵਲੋਂ ਇਕਦਮ ਕੰਬਾਈਨਾਂ ਖੇਤਾਂ ਵਿਚ ਲਗਾ ਕੇ ਕਣਕ ਦੀ ਕਟਾਈ ਦਾ ਕੰਮ ਜ਼ੋਰਾਂ 'ਤੇ ਆਰੰਭ ਕਰ ਦਿੱਤਾ ਹੈ | ਮੰਡੀਆਂ ਵਿਚ ਕਣਕ ਦੀ ਆਮਦ ਤੇਜ਼ ਹੋਣ ਕਰਕੇ ਵੱਡੇ ਢੇਰ ਲੱਗ ਚੁੱਕੇ ਹਨ ਜਿਸ ਨਾਲ ਕਿਸਾਨ ਤੇ ਆੜ੍ਹਤੀ ਪ੍ਰੇਸ਼ਾਨੀ ਦੇ ਆਲਮ ਵਿਚ ਹਨ ਤੇ ਕਈ ਦਿਹਾਤੀ ਮੰਡੀਆਂ ਵਿਚ ਅਧੂਰੇ ਪ੍ਰਬੰਧ ਵੀ ਦੇਖੇ ਗਏ ਹਨ ਜਿਸ ਨਾਲ ਪੰਜਾਬ ਸਰਕਾਰ 'ਤੇ ਕਈ ਤਰ੍ਹਾਂ ਦੇ ਸਵਾਲੀਆ ਚਿੰਨ੍ਹ ਖੜ੍ਹੇ ਹੋ ਗਏ ਹਨ | ਜਦੋਂ ਇਸ ਸਬੰਧੀ ਮਹਿਕਮੇ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਸਪਸ਼ਟ ਕੀਤਾ ਕਿ ਕਣਕ ਵਿਚ ਨਮੀ ਹੋਣ ਕਰਕੇ ਦਿਹਾਤੀ ਖੇਤਰ ਵਿਚ ਬਾਰਦਾਨਾ ਨਹੀਂ ਪਹੁੰਚਿਆ ਹੈ ਤੇ ਖ਼ਰੀਦ ਏਜੰਸੀਆਂ ਕੋਲ ਬਾਰਦਾਨੇ ਦੀ ਕੋਈ ਘਾਟ ਨਹੀਂ ਹੈ | ਉਨ੍ਹਾਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਪਾਸੋਂ ਮੰਗ ਕੀਤੀ ਕਿ ਮੰਡੀਆਂ 'ਚ ਅਧੂਰੇ ਪ੍ਰਬੰਧਾਂ ਨੰੂ ਠੀਕ ਕਰਨ ਲਈ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੰੂ ਨਿਰਦੇਸ਼ ਦਿੱਤੇ ਜਾਣ ਜਿਸ ਨਾਲ ਕਿਸਾਨ ਤੇ ਆੜ੍ਹਤੀਆਂ ਦੀ ਖੱਜਲ ਖ਼ੁਆਰੀ ਨਾ ਹੋ ਸਕੇ |