ਗੁਰਦਾਸਪੁਰ, 18 ਅਪ੍ਰੈਲ (ਅਸ਼ੋਕ ਸ਼ਰਮਾ)- ਗੁਰਦਾਸਪੁਰ ਅਧੀਨ ਪੈਂਦੀ ਦਿਹਾਤੀ ਮੰਡੀ ਭਟੀਆ ਵਿਚ ਨੀਲੇ ਅਸਮਾਨ ਹੇਠ 40 ਹਜ਼ਾਰ ਦੇ ਕਰੀਬ ਖੁੱਲ੍ਹੀ ਕਣਕ ਪਈ ਹੋਈ ਹੈ ਜਿਸ ਕਰਕੇ ਆੜ੍ਹਤੀਆਂ ਦੇ ਸਾਹ ਸੂਤੇ ਪਏ ਹਨ ਪਰ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨੇ ਮੰਡੀ ਵਿਚ ਅਜੇ ਤੱਕ ਕੋਈ ਵੀ ਚੱਕਰ ਨਹੀਂ ਮਾਰਿਆ ਜਿਸ ਨਾਲ ਆੜ੍ਹਤੀ ਜ਼ਿਲ੍ਹਾ ਪ੍ਰਸ਼ਾਸਨ ਤੋਂ ਖ਼ਫ਼ਾ ਹੋਏ ਪਏ ਹਨ | ਇਸ ਸੰਬੰਧੀ ਐਸ.ਕੇ. ਟਰੇਡਿੰਗ ਕੰਪਨੀ, ਕੇ.ਡੀ.ਐਸ. ਕਮਿਸ਼ਨ ਏਜੰਟ ਤੇ ਐਨ.ਕੇ. ਕਮਿਸ਼ਨ ਏਜੰਟ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਪੰਜਾਬ ਸਰਕਾਰ ਨੇ 1 ਅਪ੍ਰੈਲ ਤੋਂ ਸਰਕਾਰੀ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ ਹੈ ਪਰ ਭਟੀਆ ਮੰਡੀ ਵਿਚ ਖ਼ਰੀਦ ਏਜੰਸੀ ਨੇ ਬਾਰਦਾਨਾ ਨਹੀਂ ਭੇਜਿਆ ਤੇ ਕਣਕ ਖੁੱਲੇ੍ਹ ਅਸਮਾਨ ਹੇਠ ਪਈ ਹੋਈ ਹੈ | ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਮੌਸਮ ਖ਼ਰਾਬ ਹੋਣ ਕਰਕੇ ਆੜ੍ਹਤੀ ਕਾਫੀ ਦੁਖੀ ਦੇਖੇ ਗਏ ਹਨ | ਉਨ੍ਹਾਂ ਦੱਸਿਆ ਕਿ ਇਹ ਮਾਮਲਾ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਗੁਰਦਾਸਪੁਰ ਦੇ ਧਿਆਨ ਹਿਤ ਵੀ ਲਿਆਂਦਾ ਗਿਆ ਪਰ ਫਿਰ ਵੀ ਆੜ੍ਹਤੀਆਂ ਦਾ ਕੋਈ ਹੱਲ ਨਹੀਂ ਹੋਇਆ | ਉਨ੍ਹਾਂ ਦੱਸਿਆ ਕਿ ਅਜਿਹੇ ਹਾਲਾਤ ਰਹੇ ਤਾਂ ਉਹ ਖ਼ਰੀਦੀ ਕਣਕ ਦੀ ਅਦਾਇਗੀ ਕਿਸਾਨਾਂ ਨੂੰ ਸਮੇਂ ਸਿਰ ਨਹੀਂ ਕਰ ਸਕਣਗੇ ਜਿਸ ਨਾਲ ਉਨ੍ਹਾਂ ਦੇ ਕਾਰੋਬਾਰ ਪ੍ਰਭਾਵਿਤ ਹੋਣਗੇ | ਉਨ੍ਹਾਂ ਦੱਸਿਆ ਕਿ ਪਹਿਲਾਂ ਖ਼ਰੀਦ ਕੇਂਦਰ ਦੀ ਚੈਕਿੰਗ, ਡਿਪਟੀ ਕਮਿਸ਼ਨਰ ਤੇ ਹੋਰ ਸਬੰਧਿਤ ਅਧਿਕਾਰੀ ਕਰਦੇ ਸਨ ਪਰ ਹੁਣ ਪ੍ਰਸ਼ਾਸਨ ਨੇ ਵੀ ਚੁੱਪੀ ਧਾਰੀ ਬੈਠਾ ਹੈ | ਇੱਥੋਂ ਤੱਕ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਹੁਕਮਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਟਿੱਚ ਸਮਝ ਰਿਹਾ ਹੈ | ਉਨ੍ਹਾਂ ਨੇ ਪੰਜਾਬ ਸਰਕਾਰ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਪਾਸੋਂ ਮੰਗ ਕੀਤੀ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਸਖਤ ਹਦਾਇਤਾਂ ਕਰਕੇ ਭਟੀਆ ਮੰਡੀ ਵਿਚ ਬਾਰਦਾਨਾ ਭੇਜਿਆ ਜਾਵੇ, ਜਿਸ ਨਾਲ ਆੜ੍ਹਤੀਆਂ ਦੀ ਮੁਸ਼ਕਿਲ ਦਾ ਹੱਲ ਹੋ ਸਕੇ |