ਕਾਹਨੂੰਵਾਨ, 24 ਅਪ੍ਰੈਲ (ਨਿਸ਼ਾਨ ਸਿੰਘ ਚਾਹਲ)- ਰਾਜ ਦੇ ਲੋਕਾਂ ਨੂੰ ਮੁਫ਼ਤ ਅਤੇ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦਾ ਵਾਅਦਾ ਕਰ ਕੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਪੇਂਡੂ ਖੇਤਰ ਅੰਦਰ 14 ਘੰਟੇ ਤੋਂ ਵੱਧ ਸਮਾਂ ਬਿਜਲੀ ਕੱਟ ਲੱਗ ਰਹੇ ਹਨ | ਪੇਂਡੂ ਖੇਤਰ ਤੋਂ ਇਲਾਵਾ ਗਰਿੱਡ ਦੀ ਮੁਰੰਮਤ ਦਾ ਬਹਾਨਾ ਬਣਾ ਕੇ ਸ਼ਹਿਰੀ ਖੇਤਰ ਵਿਚ ਵੀ 6 ਤੋਂ ਲੈ ਕੇ 8 ਘੰਟਿਆਂ ਤੱਕ ਦੇ ਬਿਜਲੀ ਕੱਟ ਲਗਾਏ ਜਾ ਰਹੇ ਹਨ ਜਿਸ ਕਾਰਨ ਪਿੰਡਾਂ ਦੇ ਨਾਲ ਸ਼ਹਿਰੀ ਖੇਤਰ ਦੇ ਅੰਦਰ ਵੀ ਬਿਜਲੀ ਨਾਲ ਚੱਲਣ ਵਾਲੇ ਕਾਰਖਾਨੇ ਤੇ ਇਲੈਕਟ੍ਰੀਕਲ ਦੀਆਂ ਦੁਕਾਨਾਂ ਕਰਨ ਵਾਲੇ ਕਾਰੋਬਾਰੀਆਂ ਦਾ ਕਾਰੋਬਾਰ ਚੌਪਟ ਹੋ ਰਿਹਾ ਹੈ | ਲੰਮਾ ਸਮਾਂ ਬਿਜਲੀ ਕੱਟ ਲੱਗਣ ਕਾਰਨ ਇਸ ਸਮੇਂ ਪੈ ਰਹੀ ਅੱਤ ਦੀ ਗਰਮੀ ਤੇ ਮੱਛਰਾਂ ਤੇ ਮੱਖੀਆਂ ਕਾਰਨ ਲੋਕਾਂ ਦਾ ਜੀਵਨ ਦੂਭਰ ਹੋਇਆ ਪਿਆ ਹੈ | ਬਿਜਲੀ ਖਪਤਕਾਰ ਸਰਬਜੀਤ ਸਿੰਘ ਜਾਗੋਵਾਲ, ਮਹਿਕਦੀਪ ਸਿੰਘ ਚਾਹਲ, ਲਖਵਿੰਦਰ ਸਿੰਘ ਸੁਲਤਾਨਪੁਰ, ਕਸ਼ਮੀਰ ਸਿੰਘ ਜਾਫ਼ਲਪੁਰ, ਡਾ. ਰਜਿੰਦਰ ਸਿੰਘ ਸਹਾਏਪੁਰ, ਅਕਵਿੰਦਰ ਸਿੰਘ ਬਖ਼ਤਪੁਰ ਤੇ ਬਲਵਿੰਦਰ ਸਿੰਘ ਸੁਲਤਾਨਪੁਰ ਨੇ ਖ਼ਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਬੇਸ਼ੱਕ ਪੰਜਾਬ ਸਰਕਾਰ ਖਪਤਕਾਰਾਂ ਕੋਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਰਕਾਰ ਦੀ ਤਰਜ਼ ਦੇ ਆਧਾਰ 'ਤੇ ਪ੍ਰਤੀ ਯੂਨਿਟ ਬਿਜਲੀ ਰੇਟ ਘੱਟ ਕਰ ਕੇ ਬਿਜਲੀ ਬਿੱਲ ਵਸੂਲ ਲਵੇ ਪਰ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇ | ਖ਼ਪਤਕਾਰਾਂ ਨੇ ਦੱਸਿਆ ਕਿ ਵੀਰਵਾਰ ਸਵੇਰੇ 9:45 'ਤੇ ਕੱਟ ਲੱਗਣ ਤੋਂ ਬਾਅਦ ਸ਼ਾਮ ਨੂੰ 6 ਵਜੇ ਬਿਜਲੀ ਸਪਲਾਈ ਬਹਾਲ ਹੋਈ ਪਰ ਕੁਝ ਦੇਰ ਬਾਅਦ ਦੋਬਾਰਾ ਬਿਜਲੀ ਬੰਦ ਹੋ ਗਈ ਜਿਸ ਤੋਂ ਬਾਅਦ ਰਾਤ 9:33 ਮਿੰਟ 'ਤੇ ਦੁਬਾਰਾ ਬਿਜਲੀ ਬਹਾਲ ਹੋਈ | ਇਸ ਤੋਂ ਬਾਅਦ ਰਾਤ ਫਿਰ 11 ਵਜੇ ਤੋਂ ਲੈ ਕੇ ਰਾਤ ਇਕ ਵਜੇ ਤੱਕ ਬਿਜਲੀ ਸਪਲਾਈ ਬੰਦ ਰਹੀ ਜਿਸ ਕਾਰਨ ਲੋਕਾਂ ਨੂੰ ਸਾਰੀ ਰਾਤ ਗਰਮੀ, ਮੱਛਰਾਂ ਤੇ ਮੱਖੀਆਂ ਨੇ ਪ੍ਰੇਸ਼ਾਨ ਰੱਖਿਆ ਕਿਉਂਕਿ ਲੰਬਾ ਸਮਾਂ ਬਿਜਲੀ ਬੰਦ ਰਹਿਣ ਕਾਰਨ ਚਾਰਜ ਨਾ ਹੋਣ ਕਾਰਨ ਲੋਕਾਂ ਦੇ ਘਰਾਂ 'ਚ ਲੱਗੇ ਇਨਵਰਟਰ ਵੀ ਬੰਦ ਹੋ ਗਏ | ਇਸ ਸੰਬੰਧੀ ਚੀਫ਼ ਇੰਜੀਨੀਅਰ ਬਾਰਡਰ ਜ਼ੋਨ ਅਰਵਿੰਦਰ ਸਿੰਘ ਬੋਪਾਰਾਏ ਦਾ ਪੱਖ ਜਾਣਿਆ ਤਾਂ ਉਨ੍ਹਾਂ ਕਿਹਾ ਕਿ ਹਰੇਕ ਜੂਨੀਅਰ ਇੰਜੀਨੀਅਰ ਨੂੰ ਇਹ ਹੁਕਮ ਕਰ ਦਿੱਤੇ ਗਏ ਹਨ ਕਿ ਸਵੇਰੇ 9 ਵਜੇ ਤੋਂ ਪਹਿਲਾਂ ਤੇ ਦੁਪਹਿਰ 1 ਵਜੇ ਤੋਂ ਬਾਅਦ ਪਰਮਿਟ ਨਾ ਲਿਆ ਜਾਵੇ | ਉਨ੍ਹਾਂ ਕਿਹਾ ਕਿ ਬਿਜਲੀ ਕੱਟਾਂ 'ਚ ਜਲਦ ਸੁਧਾਰ ਹੋ ਜਾਵੇਗਾ | ਖ਼ਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇਗੀ |