ਧਾਰੀਵਾਲ, 24 ਅਪ੍ਰੈਲ (ਜੇਮਸ ਨਾਹਰ)- ਗੁਰੂ ਤੇਗ ਬਹਾਦਰ ਇੰਟਰਨੈਸ਼ਨਲ ਸਕੂਲ ਕਲਿਆਣਪੁਰ ਧਾਰੀਵਾਲ ਵਿਖੇ ਸੰਸਥਾ ਦੇ ਸੰਸਥਾਪਕ ਸਵਰਗਵਾਸੀ ਅਮਰਜੀਤ ਕੌਰ ਤੇ ਸੰਸਥਾਪਕ ਚੇਅਰਮੈਨ ਸਵਰਗਵਾਸੀ ਸ: ਤਰਸੇਮ ਸਿੰਘ ਦੀ ਨਿੱਘੀ ਯਾਦ ਵਿਚ ਤੀਜਾ ਨੈਸ਼ਨਲ ਬਾਸਕਿਟਬਾਲ ਟੂਰਨਾਮੈਂਟ ਕਰਵਾਇਆ ਗਿਆ, ਜੋ ਸਫ਼ਲਤਾ ਪੂਰਵਕ ਸਮਾਪਤ ਹੋ ਗਿਆ | ਸੰਸਥਾ ਦੇ ਚੇਅਰਮੈਨ ਸੁਰਜੀਤ ਸਿੰਘ, ਡਾਇਰੈਕਟਰ ਪਿ੍ਤਪਾਲ ਸਿੰਘ ਤੇ ਪਿ੍ੰਸੀਪਲ ਸੈਮੁਅਲ ਦਾਸ ਨੇ ਦੱਸਿਆ ਕਿ ਟੂਰਨਾਮੈਂਟ ਵਿਚ ਆਰ.ਬੀ.ਸੀ. ਕਲੱਥ ਜੰਮੂ ਆਰਮੀ ਸਪੋਰਟਸ ਸੈਂਟਰ ਨਵੀਂ ਦਿੱਲੀ, ਐੱਲ.ਪੀ.ਯੂ. ਯੂਨੀਵਰਸਿਟੀ ਜਲੰਧਰ, 22 ਰਾਜਪੂਤ ਆਰਮੀ ਡੇਰਾ ਬਾਬਾ ਨਾਨਕ, ਮੋਹਾਲੀ ਬਾਸਕਿਟਬਾਲ ਕਲੱਬ ਕੋਟਕਪੁਰਾ ਕਲੱਬ ਸਪੋਰਟਸ ਅਥਾਰਟੀ ਆਫ ਇੰਡੀਆ, ਬਟਾਲਾ ਕਲੱਬ, ਗੁਰੂ ਰਾਮਦਾਸ ਅਕੈਡਮੀ ਗੁਰਦਾਸਪੁਰ, ਫ਼ਤਹਿਗੜ੍ਹ ਸਾਹਿਬ ਕਲੱਬ, ਨਦੇਣ ਆਰਮੀ (ਹਿਮਾਚਲ ਪ੍ਰਦੇਸ਼) ਤੇ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਪਟਿਆਲਾ ਦੀਆਂ ਟੀਮਾਂ ਵਿਚਕਾਰ ਸਖ਼ਤ ਮੁਕਾਬਲੇ ਦੇਖਣ ਨੂੰ ਮਿਲੇ | ਟੂਰਨਾਮੈਂਟ ਦਾ ਉਦਘਾਟਨ ਧਾਰੀਵਾਲ ਦੇ ਐੱਸ.ਐੱਚ.ਓ. ਪਰਮਿੰਦਰ ਸਿੰਘ ਸੰਧੂ, ਸਬ-ਇੰਸਪੈਕਟਰ ਗੁਰਪ੍ਰੀਤ ਕੌਰ ਅਤੇ ਸਬ-ਇੰਸਪੈਕਟਰ ਰਣਬੀਰ ਸਿੰਘ ਵਲੋਂ ਕੀਤਾ ਗਿਆ ਜਦਕਿ ਸ੍ਰੀ ਗੁਰੂ ਰਾਮਦਾਸ ਅਕੈਡਮੀ ਦੇ ਚੇਅਰਮੈਨ ਜਗਤਾਰ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰੀ | ਫਾਈਨਲ ਮੁਕਾਬਲਿਆਂ ਵਿਚ ਐੱਲ.ਪੀ.ਯੂ. ਜਲੰਧਰ ਦੀ ਟੀਮ ਨੇ ਸ਼ਾਨਦਾਰ ਜਿੱਤ ਦਰਜ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ ਤੇ 31000 ਰੁਪਏ ਨਕਦ ਇਨਾਮ ਸਮੇਤ ਟਰਾਫ਼ੀ ਜਿੱਤੀ | ਦੂਜੇ ਸਥਾਨ 'ਤੇ ਰਹੀ ਨਦੌਣ ਆਰਮੀ (ਹਿਮਾਚਲ ਪ੍ਰਦੇਸ਼) ਨੂੰ 21000 ਰੁਪਏ ਤੇ ਤੀਸਰੇ ਸਥਾਨ 'ਤੇ ਰਹੀ ਆਰਮੀ ਸਪੋਰਟਸ ਸੈਂਟਰ ਨਵੀਂ ਦਿੱਲੀ ਨੂੰ 5100 ਰੁਪਏ ਦੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ | ਸਮਾਪਤੀ ਸਮਾਗਮ ਦੌਰਾਨ ਡੀ.ਐੱਸ.ਪੀ. (ਇੰਟੈਲੀਜੈਂਸ) ਗੁਰਦਾਸਪੁਰ ਕੁਲਵਿੰਦਰ ਸਿੰਘ ਗਿੱਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਜੇਤੂ ਪਿਡਾਰੀਆਂ ਨੂੰ ਇਨਾਮ ਤੇ ਇਨਾਮੀ ਰਾਸ਼ੀ ਦੇ ਚੈੱਕ ਤਕਸੀਮ ਕੀਤੇ | ਚੇਅਰਮੈਨ ਸ: ਸੁਰਜੀਤ ਸਿੰਘ ਨੇ ਆਈਆਂ ਸਾਰੀਆਂ ਟੀਮਾਂ ਦਾ ਧੰਨਵਾਦ ਕੀਤਾ |