ਗੁਰਦਾਸਪੁਰ, 26 ਅਪ੍ਰੈਲ (ਅਸ਼ੋਕ ਸ਼ਰਮਾ)- ਪੰਜਾਬ ਦੇ 6 ਬਾਗੀ ਰਾਜ ਸਭਾ ਮੈਂਬਰਾਂ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਗੁਰਦਾਸਪੁਰ ਰਮਨ ਬਹਿਲ ਤੇ ਉਨ੍ਹਾਂ ਦੇ ਵੱਡੀ ਗਿਣਤੀ ਵਿਚ ਸਮਰਥਕਾਂ ਨੇ ਗੁਰਦਾਸਪੁਰ ਦੇ ਡਾਕਖ਼ਾਨਾ ਚੌਕ 'ਚ ਪੁਤਲਾ ਫੂਕ ਕੇ ਪਿੱਟ ਸਿਆਪਾ ਕੀਤਾ ਅਤੇ ਪੰਜਾਬ ਦੇ ਲੋਕਾਂ ਨਾਲ ਧੱਕਾ ਕਰਨ ਵਾਲੇ ਗਦਾਰਾਂ 'ਤੇ ਤੰਜ ਵੀ ਕੱਸਿਆ | ਬਹਿਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਅੰਦਰ ਭਾਜਪਾ ਕੁਝ ਏਜੰਸੀਆਂ ਨਾਲ ਮਿਲ ਕੇ ਕੁਝ ਆਗੂਆਂ 'ਤੇ ਜ਼ਬਰੀ ਦਬਾਅ ਪਾ ਕੇ ਆਪਣੇ ਵੱਲ ਖਿੱਚ ਰਹੀ ਹੈ | ਪੰਜਾਬ ਦੇ ਲੋਕ ਹਮੇਸ਼ਾ ਪੰਜਾਬ ਅੰਦਰ ਭਾਜਪਾ ਦੀਆਂ ਗ਼ਲਤ ਨੀਤੀਆਂ ਦਾ ਵਿਰੋਧ ਕਰਦੇ ਹਨ ਅਤੇ ਇਨ੍ਹਾਂ ਨੇ ਹਮੇਸ਼ਾ ਪੰਜਾਬ ਦੀ ਜਨਤਾ ਨਾਲ ਧਰੋਹ ਕੀਤਾ ਹੈ | ਉਨ੍ਹਾਂ ਕਿਹਾ ਕਿ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਚਾਰ ਸਾਲ ਦੇ ਰਾਜ ਅੰਦਰ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ, ਇੰਨ-ਬਿੰਨ ਲਾਗੂ ਕਰ ਦਿੱਤੇ ਹਨ ਜਿਸ ਨਾਲ ਪੰਜਾਬ ਦੀ ਜਨਤਾ ਆਮ ਆਦਮੀ ਪਾਰਟੀ ਨਾਲ ਚਟਾਂਨ ਵਾਂਗ ਖੜੀ ਹੈ | ਉਨ੍ਹਾਂ ਕਿਹਾ ਕਿ 6 ਗਦਾਰਾਂ ਨੰੂ ਪੰਜਾਬ ਸਰਕਾਰ ਵਲੋਂ ਪਦਵੀਂ 'ਤੇ ਬਿਠਾਇਆ ਗਿਆ ਸੀ ਕਿ ਆਮ ਜਨਤਾ ਦੇ ਮਸਲੇ ਲੋਕ ਸਭਾ 'ਚ ਉਠਾਏ ਜਾਣ ਪਰ ਇਹ ਸਭ ਗਦਾਰ ਲੋਕ ਸਭਾ ਮੈਂਬਰਾਂ ਆਪਣੀ ਜ਼ੁਬਾਨ ਤੱਕ ਨਹੀਂ ਖੋਲ੍ਹ ਸਕੇ ਅਤੇ ਨਾ ਹੀ ਪੰਜਾਬ ਦਾ ਕੋਈ ਮਸਲਾ ਹੱਲ ਕਰਵਾ ਸਕੇ | ਸਗੋਂ ਅੰਦਰ ਖਾਤੇ ਭਾਜਪਾ ਦੀ ਝੋਲੀ ਵਿਚ ਚਲੇ ਗਏ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਰਾਜਨੀਤੀ ਵਿਚ ਨਵਾਂ ਮੋੜ ਲਿਆਂਦਾ ਸੀ ਤੇ ਭਾਜਪਾ ਤੇ ਹੋਰ ਪਾਰਟੀਆਂ ਇਸ ਨੰੂ ਬਰਦਾਸ਼ਤ ਨਹੀਂ ਕਰ ਸਕੀਆਂ | ਹੁਣ 6 ਰਾਜ ਸਭਾ ਮੈਂਬਰਾਂ ਨੇ ਧੋਖਾ ਕਰਕੇ ਆਪਣੀ ਜ਼ਮੀਰ ਵੇਚ ਦਿੱਤੀ ਹੈ ਤੇ ਪੰਜਾਬ ਦੀ ਮਿੱਟੀ ਨਾਲ ਗਦਾਰੀ ਕਰਨ ਵਾਲੇ ਲੋਕਾਂ ਨੰੂ ਆਮ ਆਦਮੀ ਪਾਰਟੀ ਦੀ ਸਰਕਾਰ ਕਦੇ ਵੀ ਮੁਆਫ਼ ਨਹੀਂ ਕਰੇਗੀ | ਇਸ ਮੌਕੇ ਬਲਾਕ ਸੰਮਤੀ ਗੁਰਦਾਸਪੁਰ ਦੇ ਚੇਅਰਮੈਨ ਰਣਜੀਤ ਸਿੰਘ ਰਾਣਾ, ਪਾਰਟੀ ਦੇ ਮੁੱਖ ਬੁਲਾਰੇ ਸਰਪੰਚ ਰਾਜੇਸ਼ ਭੰਗਵਾਂ, ਐਡਵੋਕੇਟ ਸੁੱਚਾ ਸਿੰਘ ਮੁਲਤਾਨੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਨੀਰਜ ਸਲਹੋਤਰਾ, ਸਰਪੰਚ ਜਗਦੀਪ ਸਿੰਘ ਲੱਖੋਵਾਲ, ਰਘਬੀਰ ਸਿੰਘ ਖਾਲਸਾ, ਰੂਪੇਸ਼ ਬਿੱਟੂ, ਬਲਜਿੰਦਰ ਸਿੰਘ ਗਿੱਲ, ਹਿਤੇਸ਼ ਮਹਾਜਨ, ਜੋਗੇਸ਼ ਸ਼ਰਮਾ, ਹਰਦੀਪ ਸਿੰਘ, ਨੰਬਰਦਾਰ ਸਵਿੰਦਰ ਸਿੰਘ ਮਿੰਟੂ, ਗਗਨ ਮਹਾਜਨ, ਦੁਪਿੰਦਰ ਸਿੰਘ ਰੌਬਨ, ਨਿਸ਼ਾਨ ਸਿੰਘ ਜੌੜਾ ਛੱਤਰਾਂ, ਨਰਿੰਦਰ ਸਿੰਘ ਨਬੀਪੁਰ, ਦਵਿੰਦਰ ਸਿੰਘ ਔਜਲਾ, ਦਿਲਬਾਗ ਸਿੰਘ, ਮੋਹਨ ਲਾਲ ਬਰਨਾਲਾ, ਜਸਪਾਲ ਸਿੰਘ ਬਿੱਟੂ, ਮਨਮੋਹਨ ਰਾਏ ਸ਼ਰਮਾ ਤਿੱਬੜ, ਸਰਪੰਚ ਟਿੰਕੂ ਸ਼ੇਰਗਿੱਲ ਬੱਬਰੀ, ਪ੍ਰਭਦਿਆਲ ਸਿੰਘ ਹਯਾਤ ਨਗਰ, ਗੁਰਦਿਆਲ ਸਿੰਘ, ਜਸਪਾਲ ਸਿੰਘ ਤੁੰਗ, ਤਰਸੇਮ ਸਿੰਘ ਦਿਉਲ ਆਦਿ ਹਾਜ਼ਰ ਸਨ |