ਭੈਣੀ ਮੀਆਂ ਖਾਂ, 26 ਅਪ੍ਰੈਲ (ਜਸਬੀਰ ਸਿੰਘ ਬਾਜਵਾ)- ਵਿਧਾਨ ਸਭਾ ਹਲਕਾ ਕਾਦੀਆਂ ਦੇ ਕਸਬਾ ਭੈਣੀ ਮੀਆਂ ਖਾਂ ਦੇ ਸਰਬਪੱਖੀ ਵਿਕਾਸ ਲਈ ਅੱਜ ਹਲਕਾ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਵਲੋਂ ਵੱਖ-ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨੇ ਪਿੰਡ ਵਿਚ ਬਣੀਆਂ ਪੱਕੀਆਂ ਗਲੀਆਂ-ਨਾਲੀਆਂ, ਸਮਸ਼ਾਨਘਾਟ ਅਤੇ ਪੀਣ ਵਾਲੇ ਸ਼ੁੱਧ ਪਾਣੀ ਲਈ ਲਗਾਏ ਗਏ ਨਲਕਿਆਂ ਸਮੇਤ ਕਈ ਅਹਿਮ ਪ੍ਰੋਜੈਕਟ ਲੋਕਾਂ ਨੂੰ ਸਮਰਪਿਤ ਕੀਤੇ | ਇਸ ਸਬੰਧੀ ਐਡਵੋਕੇਟ ਸੇਖਵਾਂ ਨੇ ਕਿਹਾ ਕਿ ਭੈਣੀ ਮੀਆਂ ਖਾਂ ਸਿਰਫ਼ ਇਕ ਪਿੰਡ ਨਹੀਂ, ਸਗੋਂ ਬੇਟ ਖੇਤਰ ਦੇ ਇਕ ਸ਼ਹਿਰ ਵਜੋਂ ਜਾਣਿਆਂ ਜਾਂਦਾ ਹੈ | ਇਸ ਦੀ ਨੁਹਾਰ ਬਦਲਣ ਲਈ ਸਰਕਾਰ ਵਲੋਂ 2 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਨਾਲਾ ਪੱਕਾ ਕੀਤਾ ਜਾਵੇਗਾ ਤੇ ਖੇਡ ਸਟੇਡੀਅਮ ਦੀ ਦਿੱਖ ਨੂੰ ਆਧੁਨਿਕ ਤਰੀਕੇ ਨਾਲ ਬਦਲਿਆ ਜਾਵੇਗਾ ਅਤੇ ਬਾਜ਼ਾਰ ਵਿਚ ਟ੍ਰੈਫ਼ਿਕ ਦੀ ਸਮੱਸਿਆ ਨੂੰ ਹੱਲ ਕਰਨ ਲਈ ਇਕ ਨਵਾਂ ਬਾਈਪਾਸ ਬਣਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਐੱਸ.ਸੀ. ਭਾਈਚਾਰੇ ਦੀ ਧਰਮਸ਼ਾਲਾ ਨੂੰ ਵਧੀਆ ਤੇ ਆਧੁਨਿਕ ਢੰਗ ਨਾਲ ਤਿਆਰ ਕੀਤਾ ਜਾਵੇਗਾ | ਇਸ ਦੌਰਾਨ ਐਡਵੋਕੇਟ ਸੇਖਵਾਂ ਨੇ ਸਿਆਸੀ ਹਾਲਾਤ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਪਾਰਟੀ ਦੀ ਪਿੱਠ ਵਿਚ ਛੁਰਾ ਮਾਰਨ ਵਾਲਿਆਂ ਨੂੰ ਲੋਕ ਕਦੇ ਮੁਆਫ਼ ਨਹੀਂ ਕਰਨਗੇ ਅਤੇ ਅਜਿਹੇ ਲੋਕਾਂ ਦਾ ਸਿਆਸੀ ਭਵਿੱਖ ਖ਼ਤਮ ਹੋ ਚੁੱਕਾ ਹੈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹਲਕਾ ਕਾਦੀਆਂ ਦੇ ਹਰੇਕ ਪਿੰਡ ਤੇ ਕਸਬੇ ਦਾ ਬਿਨਾਂ ਕਿਸੇ ਪੱਖਪਾਤ ਤੋਂ ਵਿਕਾਸ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਹਲਕਾ ਕੋਆਰਡੀਨੇਟਰ ਜਗਰੂਪ ਸਿੰਘ ਰਿਆੜ, ਚੇਅਰਮੈਨ ਮੋਹਨ ਸਿੰਘ ਜਾਗੋਵਾਲ, ਚੈਂਚਲ ਸਿੰਘ ਬਾਗੜੀਆਂ, ਹਰਦਿਆਲ ਸਿੰਘ ਸੰਮਤੀ ਮੈਂਬਰ, ਸਾ. ਈ.ਟੀ.ਓ. ਬਲਜਿੰਦਰ ਸਿੰਘ ਵੜੈਚ, ਗਾਰੂ ਸਿੰਘ, ਸਰਪੰਚ ਗੁਰਮੀਤ ਸਿੰਘ ਪਸਵਾਲ, ਸੂਬੇਦਾਰ ਜਰਨੈਲ ਸਿੰਘ, ਸਰਪੰਚ ਕਮਲਜੀਤ ਕੌਰ ਭੈਣੀ ਮੀਆਂ ਖਾਂ, ਜੀਵਨ ਸਿੰਘ ਫ਼ੌਜੀ ਤੇ ਸਰਪੰਚ ਬਲਜੀਤ ਸਿੰਘ ਚੱਕ ਸ਼ਰੀਫ ਆਦਿ ਹਾਜ਼ਰ ਸਨ |