ਕੋਟਲੀ ਸੂਰਤ ਮੱਲ੍ਹੀ, 27 ਅਪ੍ਰੈਲ (ਕੁਲਦੀਪ ਸਿੰਘ ਨਾਗਰਾ)-ਅੱਤ ਦੀ ਗ਼ਰਮੀ ਦੌਰਾਨ ਬਿਜਲੀ ਦੇ ਲੱਗ ਰਹੇ ਵੱਡੇ ਅਣਐਲਾਨੇ ਕੱਟ ਨੇ ਲੋਕਾਂ ਦਾ ਜੀਣਾ ਮੁਹਾਲ ਕਰ ਕੇ ਰੱਖ ਦਿੱਤਾ ਤੇ ਬਿਜਲੀ ਬੰਦ ਰਹਿਣ ਕਰ ਕੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਜਿਸ ਦੇ ਮੱਦੇਨਜ਼ਰ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵਲੋਂ ਕੱਲ੍ਹ 29 ਅਪ੍ਰੈਲ ਨੂੰ ਵਧੀਕ ਨਿਗਰਾਨ ਇੰਜੀਨੀਅਰ ਬਟਾਲਾ ਦੇ ਦਫ਼ਤਰ ਸਾਹਮਣੇ ਵਿਸ਼ਾਲ ਰੋਸ ਧਰਨਾ ਦਿੱਤਾ ਜਾ ਰਿਹਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਕੁਲਵਿੰਦਰਜੀਤ ਸਿੰਘ ਅਠਵਾਲ ਨੇ ਪਿੰਡ ਭੁੱਲਰ ਅਠਵਾਲ 'ਚ ਰੋਸ ਧਰਨੇ ਪ੍ਰਤੀ ਲੋਕਾਂ ਨੂੰ ਲਾਮਬੰਦ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਬਿਜਲੀ ਬੰਦ ਰਹਿਣ ਕਰ ਕੇ ਜਿਥੇ ਛੋਟੇ ਕਾਰੋਬਾਰ ਬਹੁਤ ਪ੍ਰਭਾਵਿਤ ਹੋਏ ਹਨ, ਉਥੇ ਘਰਾਂ ਵਿਚ ਛੋਟੇ ਬੱਚਿਆਂ, ਬਜ਼ੁਰਗਾਂ ਦਾ ਜੀਣਾ ਮੁਸ਼ਕਿਲ ਹੋਇਆ ਪਿਆ ਹੈ, ਪਰ ਸਰਕਾਰ ਵਲੋਂ ਇਸ ਪਾਸੇ ਕੋਈ ਤਵੱਜੋ ਨਹੀਂ ਦਿੱਤੀ ਜਾ ਰਹੀ, ਜਿਸ ਕਰ ਕੇ ਰੋਸ ਵਜੋਂ ਯੂਨੀਅਨ ਵਲੋਂ ਅਧਿਕਾਰੀਆਂ ਦੇ ਦਫ਼ਤਰਾਂ ਸਾਹਮਣੇ ਰੋਸ ਮੁਜਾਹਰੇ ਕੀਤੇ ਜਾ ਰਹੇ ਹਨ | ਇਸ ਮੌਕੇ ਇਕਾਈ ਪ੍ਰਧਾਨ ਸਤਨਾਮ ਸਿੰਘ ਭੁੱਲਰ, ਜ਼ਿਲ੍ਹਾ ਆਗੂ ਨਿਸ਼ਾਨ ਸਿੰਘ ਨਾਗਰਾ, ਸਮਸ਼ੇਰ ਸਿੰਘ ਅਠਵਾਲ, ਸਾਬਕਾ ਸਰਪੰਚ ਬਲਬੀਰ ਸਿੰਘ, ਬਾਪੂ ਜਸਵੰਤ ਸਿੰਘ ਭੁੱਲਰ, ਬਲਕਾਰ ਸਿੰਘ ਦੇਹੜ, ਦਰਸ਼ਨ ਸਿੰਘ ਰਾਉਂਵਾਲ, ਮੋਹਨ ਸਿੰਘ ਅਠਵਾਲ ਸਮੇਤ ਕਿਸਾਨ ਹਾਜ਼ਰ ਸਨ |