ਤਾਰਾਗੜ੍ਹ, 1 ਮਈ (ਸੋਹਨ ਲਾਲ)-ਤਾਰਾਗੜ੍ਹ ਦੇ ਨਜ਼ਦੀਕ ਪੈਂਦੇ ਪਿੰਡ ਸ਼ਾਦੀਪੁਰ 'ਚ ਕਿਸਾਨਾਂ ਵਲੋਂ ਕਣਕ ਦੇ ਨਾੜ ਨੰੂ ਅੱਗ ਲਗਾਉਣ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜ਼ਿਕਰਯੋਗ ਹੈ ਕਿ ਸਰਕਾਰ ਵਲੋਂ ਕਣਕ ਦੇ ਨਾੜ ਨੰੂ ਅੱਗ ਲਗਾਉਣ ਦੀ ਮਨਾਹੀ ਕੀਤੀ ਹੋਈ ਹੈ | ਪਰ ਫਿਰ ਵੀ ਕਿਸਾਨ ਕਣਕ ਦੇ ਨਾੜ ਨੰੂ ਅੱਗ ਲਗਾ ਰਹੇ ਹਨ | ਜਿਸ ਕਰਕੇ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਤੇ ਜਨਤਾ ਦੀ ਸਿਹਤ 'ਤੇ ਵੀ ਮਾੜਾ ਅਸਰ ਪੈਂਦਾ ਹੈ ਤੇ ਜ਼ਮੀਨ ਦੀ ਉਪਜਾਊ ਤਾਕਤ ਵੀ ਘੱਟਦੀ ਹੈ | ਇਸ ਤੋਂ ਇਲਾਵਾ ਜ਼ਮੀਨ ਦੀ ਉਪਰਲੀ ਸੱਤ੍ਹਾ ਨੰੂ ਅੱਗ ਲਾਉਣ ਨਾਲ ਜ਼ਮੀਨ ਵਿਚ ਮੌਜੂਦ ਕਈ ਮਿੱਤਰ ਕੀੜੇ ਵੀ ਮਰ ਜਾਂਦੇ ਹਨ | ਆਲੇ ਦੁਆਲੇ ਦੇ ਖੇਤਾਂ 'ਚ ਖੜੀ ਫਸਲ ਦੇ ਨਾਲ-ਨਾਲ ਪਿੰਡ ਵਿਚ ਅੱਗ ਲੱਗਣ ਦਾ ਖਤਰਾ ਬਣਿਆ ਰਹਿੰਦਾ ਹੈ ਤੇ ਕਈ ਦਰੱਖਤਾਂ ਨੰੂ ਅੱਗ ਆਪਣੀ ਲਪੇਟ ਵਿਚ ਲੈ ਲੈਂਦੀ ਹੈ | ਇਸ ਨਾਲ ਦਰੱਖਤ ਵੀ ਸੜ ਜਾਂਦੇ ਹਨ | ਆਉਣ ਜਾਣ ਵਾਲੇ ਰਾਹਗੀਰਾਂ ਨੰੂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਪਿਛਲੇ ਦਿਨੀਂ ਜ਼ਿਲ੍ਹਾ ਮੈਜਿਸਟ੍ਰੇਟ ਪਠਾਨਕੋਟ ਡਾ: ਪਲਵੀ ਨੇ ਇਕ ਹੁਕਮ ਜਾਰੀ ਕਰਦਿਆਂ ਕਿਹਾ ਸੀ ਕਿ ਪਠਾਨਕੋਟ ਅੰਦਰ ਕਣਕ ਦੇ ਨਾੜ ਨੰੂ ਅੱਗ ਲਗਾਉਣ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾਈ ਜਾਂਦੀ ਹੈ | ਪਰ ਫਿਰ ਵੀ ਕਿਸਾਨ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਨਾੜ ਨੰੂ ਅੱਗ ਲਗਾ ਰਹੇ ਹਨ |