ਗੁਰਦਾਸਪੁਰ, 2 ਮਈ (ਚੱਕਰਾਜਾ)-ਕਣਕ ਦੀ ਫ਼ਸਲ ਦੀ ਕਟਾਈ ਤੋਂ ਬਾਅਦ ਹੁਣ ਅਗਲੇ ਦਿਨਾਂ 'ਚ ਕਿਸਾਨਾਂ ਵਲੋਂ ਝੋਨੇ ਦੀ ਪਨੀਰੀ ਦੀ ਬਿਜਾਈ ਕੀਤੀ ਜਾਣੀ ਹੈ | ਪਰ ਪਿਛਲੇ ਸਮੇਂ ਦੌਰਾਨ ਝੋਨੇ ਦੀ ਫ਼ਸਲ ਦੀਆਂ ਕਿਸਮਾਂ 'ਤੇ ਆਈ ਬਿਮਾਰੀ ਕਾਰਨ ਕਿਸਾਨਾਂ ਨੰੂ ਭਾਰੀ ਘਾਟਾ ਸਹਿਣਾ ਪਿਆ ਸੀ | ਇੱਥੋਂ ਤੱਕ ਕਿ ਕਈ ਕਿਸਾਨਾਂ ਨੰੂ ਫ਼ਸਲ ਖੇਤਾਂ ਵਿਚ ਹੀ ਵਾਹੁਣੀ ਪਈ ਸੀ, ਇਸ ਲਈ ਇਸ ਵਾਰ ਕਿਸਾਨ ਪਨੀਰੀ ਬੀਜਣ ਤੋਂ ਪਹਿਲਾਂ ਦੁਚਿੱਤੀ ਵਿਚ ਹਨ ਕਿ ਕਿਹੜੀ ਕਿਸਮ ਦੀ ਬਿਜਾਈ ਕੀਤੀ ਜਾਵੇ ਅਤੇ ਕਿਸਾਨਾਂ ਵਲੋਂ ਇਕ ਦੂਜੇ ਕਿਸਾਨ ਨੰੂ ਇਸ ਬਾਰੇ ਪੁੱਛਿਆ ਜਾ ਰਿਹਾ ਹੈ | ਪਰ ਸਬੰਧਿਤ ਵਿਭਾਗ ਵਲੋਂ ਕਿਸਾਨਾਂ ਨੰੂ ਇਸ ਸਮੇਂ ਸਹੀ ਸੇਧ ਨਾ ਦਿੱਤੇ ਜਾਣ ਕਾਰਨ ਕਿਸਾਨ ਦੁਚਿੱਤੀ ਵਿਚ ਹਨ | ਭਾਵੇਂ ਕਿ ਸੋਸ਼ਲ ਮੀਡੀਆ ਜਾਂ ਹੋਰ ਸਾਧਨਾਂ ਰਾਹੀਂ ਇਸ਼ਤਿਹਾਰ 'ਚ ਕੁਝ ਕੰਪਨੀਆਂ ਜਾਂ ਦੁਕਾਨਦਾਰਾਂ ਵਲੋਂ ਕਿਸਾਨਾਂ ਨੰੂ ਆਪਣੇ ਬੀਜਾਂ ਦੀ ਬਿਜਾਈ ਕਰਨ ਦੀਆਂ ਸਲਾਹਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਕਈ ਕਿਸਾਨ ਇਨ੍ਹਾਂ ਗੱਲਾਂ 'ਚ ਆ ਕੇ ਬੀਜ ਵੀ ਖ਼ਰੀਦ ਰਹੇ ਹਨ | ਪਰ ਇਹ ਘਾਟੇਵੰਦ ਵੀ ਹੋ ਸਕਦਾ ਹੈ, ਕਿਉਂਕਿ ਖੇਤੀ ਮਾਹਿਰਾਂ ਅਨੁਸਾਰ ਫ਼ਸਲ ਦਾ ਝਾੜ ਏਰੀਏ ਅਤੇ ਉਸ ਏਰੀਏ ਦੇ ਪਾਣੀ ਦੇ ਅਨੁਕੂਲ ਹੁੰਦਾ ਹੈ ਅਤੇ ਹਰ ਕਿਸਾਨ ਨੰੂ ਆਪਣੇ ਖੇਤਰ ਦੇ ਹਿਸਾਬ ਨਾਲ ਬੀਜ ਦੀ ਚੋਣ ਕਰਨੀ ਚਾਹੀਦੀ ਹੈ ਜਾਂ ਉਨ੍ਹਾਂ ਬੀਜਾਂ ਦੀ ਬਿਜਾਈ ਕਰਨੀ ਚਾਹੀਦੀ ਹੈ ਜਿਹੜੇ ਬੀਜਾਂ ਨੇ ਪਿਛਲੇ ਸਮੇਂ ਉਨ੍ਹਾਂ ਦੇ ਖੇਤਾਂ ਵਿਚ ਚੰਗਾ ਝਾੜ ਦਿੱਤਾ ਹੋਵੇ ਜਾਂ ਜਿਸ ਬੀਜ ਨੰੂ ਪਿਛਲੇ ਸਮੇਂ ਕੋਈ ਬਿਮਾਰੀ ਨਾ ਆਈ ਹੋਵੇ | ਪਰ ਕਿਸਾਨਾਂ ਨੰੂ ਇਸ਼ਤਿਹਾਰਬਾਜ਼ੀ ਜਾਂ ਕਿਸੇ ਦੀਆਂ ਗੱਲਾਂ ਵਿਚ ਆ ਕੇ ਬੀਜ ਦੀ ਚੋਣ ਨਹੀਂ ਕਰਨੀ ਚਾਹੀਦੀ | ਇਸ ਸਬੰਧੀ ਕੁਝ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਸਮੇਂ ਖੇਤੀਬਾੜੀ ਵਿਭਾਗ ਨੰੂ ਅੱਗੇ ਹੋ ਕੇ ਕਿਸਾਨਾਂ ਨੰੂ ਬੀਜ ਦੀ ਚੋਣ ਸਬੰਧੀ ਸੇਧ ਦੇਣੀ ਚਾਹੀਦੀ ਹੈ ਅਤੇ ਦੁਕਾਨਦਾਰਾਂ ਵਲੋਂ ਆਪਣੀ ਆਮਦਨ ਵਧਾਉਣ ਲਈ ਵੇਚੇ ਜਾ ਰਹੇ ਘਟੀਆ ਕਿਸਮ ਜਾਂ ਜਿਨ੍ਹਾਂ ਬੀਜਾਂ ਦੀ ਵਿਭਾਗ ਵਲੋਂ ਸਿਫ਼ਾਰਸ਼ ਨਹੀਂ ਕੀਤੀ ਜਾਂਦੀ, ਅਜਿਹੇ ਬੀਜ ਵੇਚਣ ਤੋਂ ਰੋਕਣਾ ਚਾਹੀਦਾ ਹੈ |