ਬਟਾਲਾ, 9 ਮਈ (ਸਤਿੰਦਰ ਸਿੰਘ)-ਲਾਰੈਂਸ ਇੰਟਰਨੈਸ਼ਨਲ ਸਕੂਲ ਤਾਰਾਗੜ੍ਹ (ਡੇਰਾ ਬਾਬਾ ਨਾਨਕ ਰੋਡ) ਬਟਾਲਾ ਵਿਖੇ ਗਣਿਤ ਤੇ ਸਾਇੰਸ ਵਿਸ਼ਿਆਂ ਨਾਲ ਸੰਬੰਧਿਤ ਇਕ ਸੈਮੀਨਾਰ ਕਰਵਾਇਆ ਗਿਆ | ਇਸ ਸੈਮੀਨਾਰ ਦੇ ਸੰਚਾਲਕ ਡਾਕਟਰ ਜਸਵਿੰਦਰ ਸਿੰਘ ਸਨ | ਡਾ. ਜਸਵਿੰਦਰ ਸਿੰਘ ਦੀ ਸ਼ਖ਼ਸੀਅਤ ਨੂੰ ਕਿਸੇ ਪਹਿਚਾਣ ਦੀ ਲੋੜ ਨਹੀਂ ਹੈ | ਡਾ. ਜਸਵਿੰਦਰ ਸਿੰਘ ਵਿਦਿਆਰਥੀਆਂ ਨੂੰ ਬੜੇ ਹੀ ਰੌਚਕ ਢੰਗ ਨਾਲ ਅÏਖੇ ਵਿਸ਼ਿਆਂ ਨੂੰ ਆਸਾਨ ਤਰੀਕੇ ਨਾਲ ਸਮਝਾਉਣ ਵਿਚ ਮਾਹਿਰ ਹਨ | ਵਿਦਿਆਰਥੀਆਂ ਦੇ ਉਹ ਵਿਸ਼ੇ ਜਿਵੇਂ ਗਣਿਤ ਤੇ ਸਾਇੰਸ, ਜਿਨਾਂ ਤੋਂ ਵਿਦਿਆਰਥੀ ਆਮ ਤੌਰ 'ਤੇ ਦੂਰ ਹੀ ਭੱਜਦੇ ਹਨ, ਡਾਕਟਰ ਵਲੋਂ ਇਨ੍ਹਾਂ ਵਿਸ਼ਿਆਂ ਨੂੰ ਬਹੁਤ ਹੀ ਸੌਖੇ ਤੇ ਆਸਾਨ ਤਰੀਕੇ ਦੇ ਨਾਲ ਕਿਵੇਂ ਸਮਝਿਆ ਜਾ ਸਕਦਾ ਹੈ, ਇਹ ਸਾਰਾ ਕੁਝ ਬੱਚਿਆਂ ਨੂੰ ਸਮਝਾਇਆ ਗਿਆ | ਉਨ੍ਹਾਂ ਦੁਆਰਾ ਇਹ ਦੱਸਿਆ ਗਿਆ ਕਿ ਸਾਇੰਸ ਤੇ ਗਣਿਤ ਵਿਸ਼ੇ ਸਾਡੀ ਜ਼ਿੰਦਗੀ ਦਾ ਇਕ ਅਟੁੱਟ ਹਿੱਸਾ ਹਨ | ਅਸੀਂ ਆਪਣੀ ਜ਼ਿੰਦਗੀ ਵਿਚ ਵਿਚਰਦੇ ਹੋਏ ਇਨ੍ਹਾਂ ਨੂੰ ਅਣਦੇਖਿਆਂ ਕਰ ਦਿੰਦੇ ਹਨ, ਪਰ ਜੇਕਰ ਇਨ੍ਹਾਂ ਵਿਸ਼ਿਆਂ ਨੂੰ ਬਾਰੀਕੀ ਨਾਲ ਸਮਝਿਆ ਜਾਵੇ ਤਾਂ ਇਹ ਵਿਸ਼ੇ ਸਾਨੂੰ ਬਹੁਤ ਆਸਾਨ ਤੇ ਸਰਲ ਨਜ਼ਰ ਆਉਣਗੇ | ਡਾ. ਜਸਵਿੰਦਰ ਸਿੰਘ ਇਸੇ ਹੀ ਸੋਚ ਨੂੰ ਲੈ ਕੇ ਆਪਣੇ ਨਾਲ ਆਪਣੀ ਤੁਰਦੀ ਫਿਰਦੀ ਪ੍ਰਯੋਗਸ਼ਾਲਾ ਆਪਣੀ ਕਾਰ ਵਿਚ ਨਾਲ ਲੈ ਕੇ ਹੀ ਤੁਰਦੇ ਹਨ | ਉਨ੍ਹਾਂ ਦੇ ਸੈਮੀਨਾਰ ਪ੍ਰਤੀ ਵਿਦਿਆਰਥੀਆਂ ਵਿਚ ਭਾਰੀ ਉਤਸ਼ਾਹ ਨਜ਼ਰ ਆਇਆ | ਉਨ੍ਹਾਂ ਦੇ ਸਮਝਾਉਣ ਦੇ ਤਰੀਕੇ ਨੂੰ ਵਿਦਿਆਰਥੀ ਸਹਿਜੇ ਹੀ ਸਮਝ ਜਾਂਦੇ | ਡਾ. ਜਸਵਿੰਦਰ ਸਿੰਘ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਰਾਜ ਪੱਧਰੀ ਅਤੇ ਨੈਸ਼ਨਲ ਪੱਧਰ ਐਵਾਰਡ ਪ੍ਰਾਪਤ ਹਨ | ਵਿਦਿਆਰਥੀਆਂ ਨਾਲ ਰੂ-ਬ-ਰੂ ਹੁੰਦੇ ਹੋਏ ਡਾ. ਜਸਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਜੀਵਨ ਵਿਚ ਅਨੁਸ਼ਾਸਨ ਅਤੇ ਸਖ਼ਤ ਮਿਹਨਤ ਦੀ ਮਹੱਤਤਾ ਬਾਰੇ ਦੱਸਿਆ | ਉਨ੍ਹਾਂ ਬੱਚਿਆਂ ਨੂੰ ਨਵੀਂ ਤਕਨਾਲੋਜੀ ਦੇ ਨਾਲ-ਨਾਲ ਆਪਣੀ ਨੈਤਿਕ ਕਦਰਾਂ-ਕੀਮਤਾਂ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ | ਸਕੂਲ ਦੇ ਪਿ੍ੰਸੀਪਲ ਡਾ. ਉਪਮਾ ਮਹਾਜਨ ਨੇ ਡਾ. ਜਸਵਿੰਦਰ ਸਿੰਘ ਦਾ ਸਵਾਗਤ ਕਰਦੇ ਹੋਏ ਉਨ੍ਹਾਂ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਅਜਿਹੀਆਂ ਸ਼ਖ਼ਸੀਅਤਾਂ ਦਾ ਸਕੂਲ ਆਉਣਾ ਵਿਦਿਆਰਥੀਆਂ ਲਈ ਮਾਰਗ ਦਰਸ਼ਕ ਸਾਬਤ ਹੁੰਦਾ ਹੈ ਅਤੇ ਉਨ੍ਹਾਂ ਦੇ ਆਤਮ-ਵਿਸ਼ਵਾਸ ਵਿਚ ਵਾਧਾ ਕਰਦਾ ਹੈ | ਇਸ ਮੌਕੇ ਸਕੂਲ ਚੇਅਰਮੈਨ ਸ: ਬਲਜਿੰਦਰ ਸਿੰਘ ਬੈਂਸ ਮੱਲਿਆਂਵਾਲ, ਉਪ ਚੇਅਰਮੈਨ ਸ: ਕੁਲਦੀਪ ਸਿੰਘ ਬੈਂਸ, ਡਾਇਰੈਕਟਰ ਐਡਵਾਈਜ਼ਰ ਸ: ਗੁਰਜੀਤ ਸਿੰਘ ਬੈਂਸ, ਡਾਇਰੈਕਟਰ ਡਾ. ਗੁਰਿੰਦਰ ਕੌਰ ਮਾਨ ਅਤੇ ਪਿ੍ੰਸੀਪਲ ਡਾ. ਉਪਮਾ ਮਹਾਜਨ ਵਲੋਂ ਡਾ. ਜਸਵਿੰਦਰ ਸਿੰਘ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ |