ਤਾਰਾਗੜ੍ਹ, 12 ਮਈ (ਸੋਹਨ ਲਾਲ)-ਹਲਕਾ ਭੋਆ ਦੇ ਪਿੰਡ ਭਗਵਾਨਸਰ ਤੇ ਮੈਰਾ ਕਾਲੋਨੀ ਵਿਖੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਤੇ ਨਸ਼ਿਆਂ ਤੋਂ ਦੂਰ ਰੱਖਣ ਦੇ ਮਕਸਦ ਨਾਲ ਯੁਵਾ ਨੇਤਾ ਸਤੀਸ਼ ਕੁਮਾਰ ਜੱਟ ਪੰਮਾ ਵਲੋਂ ਵਿਸ਼ੇਸ਼ ਤੌਰ 'ਤੇ ਖੇਡਾਂ ਦਾ ਸਮਾਨ ਵੰਡਿਆ ਗਿਆ | ਇਸ ਸਮੇਂ ਉਨ੍ਹਾਂ ਨਾਲ ਸਾਬਕਾ ਚੇਅਰਮੈਨ ਰਾਜ ਕੁਮਾਰ ਸਿਹੋੜਾ ਤੇ ਓ.ਬੀ.ਸੀ. ਸੈਲ ਦੇ ਪ੍ਰਧਾਨ ਕੁਲਜੀਤ ਸੈਣੀ ਵੀ ਹਾਜ਼ਰ ਸਨ | ਇਸ ਮੌਕੇ ਉਨ੍ਹਾਂ ਵਲੋਂ ਇਲਾਕੇ ਦੇ ਨੌਜਵਾਨ ਸਾਥੀਆਂ ਨੂੰ ਵਾਲੀਬਾਲ ਤੇ ਕਿ੍ਕਟ ਕਿੱਟਾਂ ਦਿੱਤੀਆਂ ਗਈਆਂ ਤਾਂ ਜੋ ਪਿੰਡਾਂ ਦੇ ਯੁਵਾ ਖੇਡਾਂ ਵਿਚ ਅੱਗੇ ਵੱਧ ਸਕਣ ਤੇ ਆਪਣੀ ਪ੍ਰਤਿਭਾ ਨੂੰ ਨਿਖਾਰ ਸਕਣ | ਸਮਾਗਮ ਦੌਰਾਨ ਵੱਡੀ ਗਿਣਤੀ 'ਚ ਨੌਜਵਾਨ, ਪਿੰਡ ਵਾਸੀ ਤੇ ਮਹਿਲਾਵਾਂ ਹਾਜ਼ਰ ਰਹੀਆਂ | ਯੁਵਾ ਨੇਤਾ ਸਤੀਸ਼ ਕੁਮਾਰ ਜੱਟ ਪੰਮਾ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਨਾ ਬਹੁਤ ਜ਼ਰੂਰੀ ਹੈ, ਕਿਉਂਕਿ ਖੇਡਾਂ ਨਾ ਸਿਰਫ਼ ਸਰੀਰਕ ਤੰਦਰੁਸਤੀ ਨੂੰ ਮਜ਼ਬੂਤ ਕਰਦੀਆਂ ਹਨ ਸਗੋਂ ਨੌਜਵਾਨਾਂ ਵਿਚ ਅਨੁਸ਼ਾਸਨ, ਭਾਈਚਾਰਾ ਅਤੇ ਆਤਮ ਵਿਸ਼ਵਾਸ ਵੀ ਪੈਦਾ ਕਰਦੀਆਂ ਹਨ | ਉਨ੍ਹਾਂ ਨੇ ਖ਼ਾਸ ਤੌਰ 'ਤੇ ਧੀਆਂ ਤੇ ਭੈਣਾਂ ਨੂੰ ਵੀ ਖੇਡਾਂ ਨਾਲ ਜੋੜਨ 'ਤੇ ਜ਼ੋਰ ਦਿੱਤਾ | ਇਸ ਮੌਕੇ ਭੈਣਾਂ ਨੂੰ ਬੈਡਮਿੰਟਨ ਰੈਕਟ ਤੇ ਰੱਸੀ ਟੱਪਣ (ਜੰਪਿੰਗ ਸਕਿਪਿੰਗ) ਦਾ ਸਮਾਨ ਵੀ ਵੰਡਿਆ ਗਿਆ | ਉਨ੍ਹਾਂ ਕਿਹਾ ਕਿ ਧੀਆਂ ਹਰ ਖੇਤਰ ਵਿਚ ਅੱਗੇ ਵੱਧ ਰਹੀਆਂ ਹਨ ਅਤੇ ਖੇਡਾਂ ਵਿਚ ਵੀ ਉਨ੍ਹਾਂ ਨੂੰ ਪੂਰਾ ਮੌਕਾ ਮਿਲਣਾ ਚਾਹੀਦਾ ਹੈ | ਇਸ ਮੌਕੇ ਸਾਬਕਾ ਚੇਅਰਮੈਨ ਰਾਜ ਕੁਮਾਰ ਸਿਹੋੜਾ ਤੇ ਓ.ਬੀ.ਸੀ. ਸੈੱਲ ਦੇ ਪ੍ਰਧਾਨ ਕੁਲਜੀਤ ਸੈਣੀ ਵੀ ਮੌਜੂਦ ਸਨ |