ਪਠਾਨਕੋਟ, 12 ਮਈ (ਸੰਧੂ)-ਏਡਿਡ ਸਕੂਲ ਸੇਵਾ ਮੁਕਤ ਅਧਿਆਪਕ ਤੇ ਹੋਰ ਕਰਮਚਾਰੀ ਯੂਨੀਅਨ ਇਕਾਈ ਪਠਾਨਕੋਟ ਵਲੋਂ ਆਰਿਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਸ਼ਾਹਪੁਰ ਚੌਕ ਵਿਖੇ ਪ੍ਰਧਾਨ ਨਰਿੰਦਰ ਸ਼ਰਮਾ ਤੇ ਪਿ੍ੰਸੀਪਲ ਰਣਜੀਤ ਸਿੰਘ ਦੀ ਅਗਵਾਈ ਹੇਠ ਸਨਮਾਨ ਸਮਾਗਮ ਕਰਵਾਇਆ ਗਿਆ | ਇਸ ਮੌਕੇ ਯੂਨੀਅਨ ਦੇ ਅਹੁਦੇਦਾਰਾਂ ਵਲੋਂ ਸਿੱਖਿਆ ਖੇਤਰ ਦੀ ਪ੍ਰਸਿੱਧ ਹਸਤੀ, ਲੜਕੀਆਂ ਦੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਵਾਲੀ ਤੇ ਆਰਿਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀ ਪਿ੍ੰਸੀਪਲ ਮਧੂ ਸਲਾਰੀਆ ਨੂੰ ਗੁਲਦਸਤਾ, ਦੁਸ਼ਾਲਾ ਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਯੂਨੀਅਨ ਆਗੂਆਂ ਨੇ ਦੱਸਿਆ ਕਿ ਸੰਸਥਾ ਵਲੋਂ ਹਰ ਮਹੀਨੇ ਇਸ ਤਰ੍ਹਾਂ ਦੇ ਸਮਾਗਮ ਆਯੋਜਿਤ ਕਰਕੇ ਸਿੱਖਿਆ ਖੇਤਰ 'ਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੀਆਂ ਨਾਮਵਰ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ | ਇਸ ਮੌਕੇ ਯੂਨੀਅਨ ਦੇ ਸੀਨੀਅਰ ਮੈਂਬਰ ਮੱਸਾ ਸਿੰਘ ਅਤੇ ਪਿ੍ੰਸੀਪਲ ਸੰਤੋਸ਼ ਮਹਾਜਨ ਨੇ ਯੂਨੀਅਨ ਦੇ ਸੰਘਰਸ਼ਮਈ ਇਤਿਹਾਸ 'ਤੇ ਚਾਨਣਾ ਪਾਉਂਦਿਆਂ ਨਵੇਂ ਅਧਿਆਪਕਾਂ ਨੂੰ ਸੰਦੇਸ਼ ਦਿੱਤਾ ਕਿ ਸੰਘਰਸ਼, ਹੌਂਸਲੇ ਅਤੇ ਜਜ਼ਬੇ ਤੋਂ ਬਿਨ੍ਹਾਂ ਜੀਵਨ ਵਿਚ ਕੋਈ ਵੀ ਉਪਲੱਬਧੀ ਹਾਸਲ ਨਹੀਂ ਕੀਤੀ ਜਾ ਸਕਦੀ | ਸਮਾਗਮ ਦੌਰਾਨ ਅਨੀਤਾ ਸਾਹਨੀ, ਸੰਤੋਸ਼ ਮਹਾਜਨ, ਡਾ: ਸ਼ੋਭਾ ਪਰਾਸ਼ਰ, ਚੰਚਲ ਸੈਣੀ, ਅਰੁਣਾ ਸੇਠੀ, ਮਨਦੀਪ ਛੀਨਾ, ਮੋਹਿੰਦਰਪਾਲ, ਯੋਗਰਾਜ, ਰਾਜਨ ਸੂਦ, ਮਧੁਰਭਾਸ਼ਿਨੀ, ਰਾਕੇਸ਼ ਸ਼ਰਮਾ ਅਤੇ ਊਸ਼ਾ ਰਾਣੀ ਸਮੇਤ ਹੋਰ ਹਾਜ਼ਰ ਸਨ |