ਪਠਾਨਕੋਟ, 12 ਮਈ (ਵਿਨੋਦ)-ਪੰਜਾਬ ਰਾਜ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਪਠਾਨਕੋਟ ਵਿਖੇ ਨਗਰ ਨਿਗਮ ਪਠਾਨਕੋਟ ਤੇ ਸੁਜਾਨਪੁਰ ਵਿਖੇ ਨਗਰ ਕੌਂਸਲ ਸੁਜਾਨਪੁਰ ਦੀਆਂ ਹੋਣ ਵਾਲੀਆਂ ਆਮ ਚੋਣਾਂ ਲਈ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ | ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣਕਾਰ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਪਠਾਨਕੋਟ ਡਾ: ਪੱਲਵੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਮੀਦਵਾਰ 13 ਮਈ ਤੋਂ 16 ਮਈ ਤੱਕ ਆਪਣੇ ਕਾਗ਼ਜ਼ ਦਾਖਲ ਕਰਵਾ ਸਕਣਗੇ | ਉਨ੍ਹਾਂ ਦੱਸਿਆ ਕਿ ਕਾਗ਼ਜ਼ ਦਾਖਲ ਕਰਨ ਦਾ ਸਮਾਂ ਕਮਿਸ਼ਨ ਵਲੋਂ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਨਿਰਧਾਰਿਤ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਨਗਰ ਨਿਗਮ ਦੀਆਂ ਆਮ ਚੋਣਾਂ ਲਈ ਵਾਰਡ ਨੰ. 1 ਤੋਂ 15 ਤੱਕ ਲਈ ਮਨਦੀਪ ਸਿੰਘ ਮਾਨ ਐਸ.ਡੀ.ਐਮ. ਪਠਾਨਕੋਟ ਨੂੰ ਰਿਟਰਨਿੰਗ ਅਫ਼ਸਰ ਨਿਯੁਕਤ ਕੀਤਾ ਗਿਆ ਹੈ | ਵਾਰਡ ਨੰਬਰ 16 ਤੋਂ 36 ਤੱਕ ਲਈ ਪਿ੍ਤਪਾਲ ਸਿੰਘ ਐਕਸੀਅਨ ਪੀ.ਐਸ.ਪੀ.ਸੀ.ਐਲ. ਨੂੰ ਰਿਟਰਨਿੰਗ ਅਫ਼ਸਰ ਨਿਯੁਕਤ ਕੀਤਾ ਗਿਆ ਹੈ ਅਤੇ ਵਾਰਡ ਨੰਬਰ-37 ਤੋਂ 50 ਲਈ ਗੁਰਪ੍ਰੀਤ ਸਿੰਘ ਜ਼ਿਲ੍ਹਾ ਭੂਮੀ ਰੱਖਿਆ ਅਫ਼ਸਰ ਪਠਾਨਕੋਟ ਨੂੰ ਰਿਟਰਨਿੰਗ ਅਫ਼ਸਰ ਨਿਯੁਕਤ ਕੀਤਾ ਗਿਆ ਹੈ | ਇਸ ਤੋਂ ਇਲਾਵਾ ਨਗਰ ਕੌਂਸਲ ਸੁਜਾਨਪੁਰ ਵਾਰਡ 1 ਤੋਂ 15 ਲਈ ਸ਼ੰਕਰ ਸ਼ਰਮਾ ਐਸ.ਡੀ.ਐਮ. ਧਾਰਕਲਾਂ ਨੂੰ ਰਿਟਰਨਿੰਗ ਅਫ਼ਸਰ ਨਿਯੁਕਤ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਨਗਰ ਨਿਗਮ ਪਠਾਨਕੋਟ ਵਾਰਡ ਨੰਬਰ 1 ਤੋਂ 15 ਲਈ ਵਾਰਡਾਂ ਵਿਚ ਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਕਤ ਵਾਰਡਾਂ ਲਈ ਨੋਮੀਨੇਸ਼ਨ ਫਾਰਮ ਨਾਇਬ ਤਹਿਸੀਲਦਾਰ ਦੀ ਅਦਾਲਤ ਕਮਰਾ ਨੰ. 122 ਵਿਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਵਾਰਡ ਨੰਬਰ 16 ਤੋਂ 36 ਤੱਕ ਲਈ ਪੀ.ਐਸ.ਪੀ.ਸੀ.ਐਲ. ਦਫ਼ਤਰ ਪਠਾਨਕੋਟ ਅਤੇ 37 ਤੋਂ 50 ਵਾਰਡਾਂ ਦੇ ਲਈ ਦਫ਼ਤਰ ਭੂਮੀ ਰੱਖਿਆ ਅਫ਼ਸਰ ਨਜ਼ਦੀਕ ਪ੍ਰਾਇਮਰੀ ਸਕੂਲ ਮਲਕਪੁਰ ਵਿਖੇ ਅਤੇ ਨਗਰ ਕੌਂਸਲ ਸੁਜਾਨਪੁਰ ਦੇ 1 ਤੋਂ 15 ਵਾਰਡਾਂ ਦੇ ਲਈ ਦਫ਼ਤਰ ਕੋਰਟ ਰੂਮ, ਸਹਾਇਕ ਕਮਿਸ਼ਨਰ (ਜ) ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਵਿਖੇ ਮਿਤੀ 13/05/2026 ਤੋਂ 16/05/2026 ਤੱਕ ਕੰਮ ਵਾਲੇ ਦਿਨਾਂ ਵਿਚ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਨੋਮੀਨੇਸ਼ਨ ਫਾਰਮ ਪ੍ਰਾਪਤ ਕੀਤੇ ਜਾਣਗੇ |