ਪਠਾਨਕੋਟ, 16 ਮਈ (ਸੰਧੂ)-ਵਿਸ਼ਵ ਵਾਤਾਵਰਨ ਦਿਵਸ ਮੌਕੇ ਚਲਾਈ ਜਾ ਰਹੀ ਵਿਸ਼ੇਸ਼ ਜਾਗਰੂਕਤਾ ਮੁਹਿੰਮ ਦੇ ਦੂਜੇ ਦਿਨ ਕੈਂਟ ਰੇਲਵੇ ਸਟੇਸ਼ਨ 'ਤੇ ਵਾਤਾਵਰਨ ਸੰਭਾਲ ਸਬੰਧੀ ਵਿਸ਼ਾਲ ਜਾਗਰੂਕਤਾ ਅਭਿਆਨ ਚਲਾਇਆ ਗਿਆ | ਇਸ ਦੌਰਾਨ ਰੇਲਵੇ ਦੇ ਸੀ.ਐਚ.ਆਈ ਅਮਿਤ ਕੁਮਾਰ ਦੀ ਅਗਵਾਈ ਹੇਠ ਯਾਤਰੀਆਂ, ਦੁਕਾਨਦਾਰਾਂ ਅਤੇ ਫੂਡ ਵੈਂਡਰਾਂ ਨੂੰ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਤੋਂ ਬਚਣ ਲਈ ਪ੍ਰੇਰਿਤ ਕੀਤਾ ਗਿਆ | ਅਭਿਆਨ ਦੌਰਾਨ ਸਟੇਸ਼ਨ 'ਚ ਸਥਿਤ ਫੂਡ ਸਟਾਲਾਂ ਅਤੇ ਦੁਕਾਨਾਂ ਦੀ ਗਹਿਰਾਈ ਨਾਲ ਜਾਂਚ ਕੀਤੀ ਗਈ | ਅਧਿਕਾਰੀਆਂ ਵਲੋਂ ਦੁਕਾਨਦਾਰਾਂ ਨੂੰ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਰੇਲਵੇ 'ਚ ਪ੍ਰਤੀਬੰਧਿਤ ਪਲਾਸਟਿਕ ਸਮੱਗਰੀ ਦੀ ਵਰਤੋਂ ਪੂਰੀ ਤਰ੍ਹਾਂ ਬੰਦ ਕੀਤੀ ਜਾਵੇ ਅਤੇ ਵਾਤਾਵਰਨ ਅਨੁਕੂਲ ਵਿਕਲਪ ਅਪਣਾਏ ਜਾਣ | ਸੀ.ਐਚ.ਆਈ ਅਮਿਤ ਕੁਮਾਰ ਨੇ ਯਾਤਰੀਆਂ ਨੂੰ ਕਿਹਾ ਕਿ ਵਾਤਾਵਰਨ ਨੂੰ ਸਾਫ਼-ਸੁਥਰਾ ਅਤੇ ਸੁਰੱਖਿਅਤ ਬਣਾਈ ਰੱਖਣ ਲਈ ਹਰ ਵਿਅਕਤੀ ਨੂੰ ਜ਼ਿੰਮੇਵਾਰੀ ਨਿਭਾਉਣੀ ਹੋਵੇਗੀ | ਉਨ੍ਹਾਂ ਕਿਹਾ ਕਿ ਰੋਜ਼ਾਨਾ ਜੀਵਨ ਵਿਚ ਸਬਜ਼ੀ ਜਾਂ ਹੋਰ ਖ਼ਰੀਦਦਾਰੀ ਸਮੇਂ ਕੱਪੜੇ ਜਾਂ ਜੂਟ ਦੇ ਥੈਲਿਆਂ ਦੀ ਵਰਤੋਂ ਕੀਤੀ ਜਾਵੇ ਤਾਂ ਜੋ ਪਲਾਸਟਿਕ ਪ੍ਰਦੂਸ਼ਣ ਨੂੰ ਘਟਾਇਆ ਜਾ ਸਕੇ | ਉਨ੍ਹਾਂ ਦੱਸਿਆ ਕਿ ਸਿੰਗਲ ਯੂਜ਼ ਪਲਾਸਟਿਕ ਨਾ ਸਿਰਫ਼ ਵਾਤਾਵਰਨ ਲਈ, ਸਗੋਂ ਮਨੁੱਖੀ ਸਿਹਤ ਲਈ ਵੀ ਗੰਭੀਰ ਖ਼ਤਰਾ ਬਣ ਚੁੱਕਾ ਹੈ |