ਗੁਰਦਾਸਪੁਰ, 20 ਮਈ (ਅਸ਼ੋਕ ਸ਼ਰਮਾ)-ਪੰਜਾਬ ਦੇ ਹਰ ਜ਼ਿਲ੍ਹਾ ਹੈੱਡ ਕੁਆਰਟਰ ਤੇ ਵੱਡੇ ਸ਼ਹਿਰਾਂ ਤੋਂ ਦਿੱਲੀ ਏਅਰਪੋਰਟ ਨੂੰ ਮੌਜੂਦਾ ਸਮੇਂ ਰੋਜ਼ਾਨਾ ਚਾਰ-ਪੰਜ ਬੱਸਾਂ ਚੱਲ ਰਹੀਆਂ ਹਨ | ਜਦਕਿ ਗੁਰਦਾਸਪੁਰ ਜ਼ਿਲ੍ਹਾ ਹੈੱਡ ਕੁਆਰਟਰ ਹੋਣ ਦੇ ਬਾਵਜੂਦ ਇੱਥੋਂ ਕੋਈ ਵੀ ਬੱਸ ਦਿੱਲੀ ਏਅਰਪੋਰਟ ਤੇ ਦਿੱਲੀ ਨੂੰ ਨਹੀਂ ਜਾ ਰਹੀ | ਜਿਸ ਕਾਰਨ ਇੱਥੋਂ ਦੇ ਇਲਾਕਾ ਵਾਸੀਆਂ ਦਾ ਪੰਜਾਬ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ | ਗੱਲਬਾਤ ਕਰਦੇ ਹੋਏ ਕੁਝ ਲੋਕਾਂ ਨੇ ਦੱਸਿਆ ਕਿ ਇਸ ਇਲਾਕੇ ਦੇ ਵੱਡੀ ਗਿਣਤੀ 'ਚ ਲੋਕ ਵਿਦੇਸ਼ਾਂ ਵਿਚ ਰਹਿੰਦੇ ਹਨ ਤੇ ਰੋਜ਼ਾਨਾ ਲੋਕਾਂ ਦਾ ਦਿੱਲੀ ਤੋਂ ਆਉਣਾ-ਜਾਣਾ ਲੱਗਾ ਰਹਿੰਦਾ ਹੈ | ਲੋਕਾਂ ਨੇ ਦੱਸਿਆ ਕਿ ਗੁਰਦਾਸਪੁਰ ਤੋਂ ਸਿੱਧੀ ਬੱਸ ਦਿੱਲੀ ਏਅਰਪੋਰਟ ਆਦਿ ਨੂੰ ਨਾ ਜਾਣ ਕਰਕੇ ਲੋਕਾਂ ਨੂੰ ਮਹਿੰਗੇ ਰੇਟਾਂ 'ਤੇ ਟੈਕਸੀ ਆਦਿ ਕਿਰਾਏ 'ਤੇ ਲੈ ਕੇ ਆਉਣਾ-ਜਾਣਾ ਪੈਂਦਾ ਹੈ, ਜਿਸ 'ਤੇ ਕਾਫ਼ੀ ਪੈਸੇ ਖ਼ਰਚ ਹੁੰਦੇ ਹਨ | ਲੋਕਾਂ ਨੇ ਦੱਸਿਆ ਕਿ ਗੁਰਦਾਸਪੁਰ ਸ਼ਹਿਰ ਸਰਹੱਦ ਨਾਲ ਲੱਗਣ ਕਰਕੇ ਇਸ ਇਲਾਕੇ ਦੇ ਕਾਫ਼ੀ ਲੋਕਾਂ ਦਾ ਰੋਜ਼ਾਨਾ ਵਿਦੇਸ਼ਾਂ ਨੂੰ ਆਉੁਣਾ-ਜਾਣਾ ਲੱਗਾ ਰਹਿੰਦਾ ਹੈ, ਜਿਨ੍ਹਾਂ ਨੂੰ ਵਾਇਆ ਪਠਾਨਕੋਟ, ਬਟਾਲਾ ਆਦਿ ਸ਼ਹਿਰਾਂ ਨੂੰ ਬੱਸਾਂ ਲੈਣੀਆਂ ਪੈਂਦੀਆਂ ਹਨ | ਲੋਕਾਂ ਦੀ ਪੰਜਾਬ ਸਰਕਾਰ ਤੇ ਲੋਕਲ ਨੇਤਾਵਾਂ ਪਾਸੋਂ ਮੰਗ ਹੈ ਕਿ ਲੋਕਾਂ ਦੀ ਜ਼ਰੂਰਤ ਨੂੰ ਦੇਖਦੇ ਹੋਏ ਗੁਰਦਾਸਪੁਰ ਤੋਂ ਦਿੱਲੀ ਏਅਰਪੋਰਟ ਲਈ 4-5 ਬੱਸਾਂ ਰੋਜ਼ਾਨਾ ਚਲਾਈਆਂ ਜਾਣ ਤਾਂ ਜੋ ਵਿਦੇਸ਼ਾਂ 'ਚ ਰਹਿੰਦੇ ਲੋਕਾਂ ਨੂੰ ਰਾਹਤ ਮਿਲ ਸਕੇ | ਇਸ ਤੋਂ ਇਲਾਵਾ ਗੁਰਦਾਸਪੁਰ ਇਲਾਕੇ ਦੇ ਰਹਿਣ ਵਾਲੇ ਲੋਕ ਵੀ ਇਨ੍ਹਾਂ ਬੱਸਾਂ ਰਾਹੀਂ ਦਿੱਲੀ ਆਦਿ ਸ਼ਹਿਰਾਂ ਨੂੰ ਸਿੱਧੇ ਆ ਤੇ ਜਾ ਸਕਣ | ਜਦ ਇਸ ਸਬੰਧੀ ਹਲਕਾ ਇੰਚਾਰਜ ਰਮਨ ਬਹਿਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਹ ਜਲਦੀ ਹੀ ਟਰਾਂਸਪੋਰਟ ਮੰਤਰੀ ਪੰਜਾਬ ਨਾਲ ਗੱਲਬਾਤ ਕਰਕੇ ਗੁਰਦਾਸਪੁਰ ਤੋਂ ਦਿੱਲੀ ਏਅਰਪੋਰਟ ਲਈ ਬੱਸਾਂ ਚਲਾਉਣ ਦੀ ਕੋਸ਼ਿਸ਼ ਕਰਨਗੇ |