ਬਟਾਲਾ, 22 ਮਈ (ਸਤਿੰਦਰ ਸਿੰਘ)-ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਸਮਰਪਣ ਸੁਸਾਇਟੀ ਸ੍ਰੀ ਅਦਿੱਤਿਆ ਉੱਪਲ ਦੀ ਰਹਿਨੁਮਾਈ ਵਿਚ ਸਕੱਤਰ ਸਮਰਪਣ ਸੁਸਾਇਟੀ ਪਰਮਿੰਦਰ ਸਿੰਘ ਸੈਣੀ ਦੇ ਉੱਦਮਾਂ ਤੇ ਪ੍ਰਬੰਧਾਂ ਹੇਠ ਸ਼ਹੀਦ ਲੈਫ਼ਟੀਨੈਂਟ ਨਵਦੀਪ ਸਿੰਘ ਅਸ਼ੋਕ ਚੱਕਰ ਦੀ ਸ਼ਹਾਦਤ ਨੂੰ ਸਮਰਪਿਤ ਮਿਸ਼ਨ 'ਉਮੀਦ ਤਹਿਤ ਕੈਰੀਅਰ ਗਾਈਡੈਂਸ ਤੇ ਕਾਊਾਸਲਿੰਗ, ਮੈਂਟਲ ਹੈਲਥ, ਪ੍ਰਤੀਯੋਗੀ ਪ੍ਰੀਖਿਆਵਾਂ (ਯੂ.ਪੀ.ਐੱਸ.ਸੀ., ਪੀ.ਸੀ.ਐੱਸ., ਪੁਲਿਸ, ਆਰਮੀ, ਬੀ.ਐੱਸ.ਐੱਫ. ਤੇ ਹੋਰ ਇਮਤਿਹਾਨ) ਦੀ ਮੁਫ਼ਤ ਕੋਚਿੰਗ ਦਾ ਉਦਘਾਟਨ ਸੋਨਾਲੀ ਗਿਰਿ ਆਈ.ਏ.ਐੱਸ. ਸਕੱਤਰ ਸਿੱਖਿਆ ਵਿਭਾਗ ਪੰਜਾਬ ਨੇ ਕੀਤਾ | ਇਸ ਮੌਕੇ ਸੋਨਾਲੀ ਗਿਰਿ ਨੇ ਕਿਹਾ ਕਿ ਅਜੋਕੇ ਮੁਕਾਬਲੇ ਦੇ ਦੌਰ ਵਿਚ ਜਦੋਂ ਸਮਾਜ ਤੇ ਵਿਦਿਆਰਥੀ ਅਨੇਕਾਂ ਸਮੱਸਿਆਵਾਂ ਨਾਲ ਜੂਝ ਰਹੇ ਹਨ, ਉਸ ਸਮੇਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਪੜ੍ਹਾਈ ਦੇ ਨਾਲ-ਨਾਲ ਕੈਰੀਅਰ ਗਾਈਡੈਂਸ ਤੇ ਕਾਊਾਸਲਿੰਗ, ਮੈਂਟਲ ਹੈਲਥ, ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਲਈ ਕੋਚਿੰਗ ਬਹੁਤ ਜ਼ਰੂਰੀ ਹੈ | ਇਸ ਨਿਵੇਕਲੇ ਪ੍ਰਾਜੈਕਟ ਦੀ ਸ਼ੁਰੂਆਤ ਲਈ ਉਨ੍ਹਾਂ ਡਿਪਟੀ ਕਮਿਸ਼ਨਰ ਸ੍ਰੀ ਅਦਿੱਤਿਆ ਉੱਪਲ ਤੇ ਸਕੱਤਰ ਪਰਮਿੰਦਰ ਸਿੰਘ ਸੈਣੀ ਨੋਡਲ ਅਫ਼ਸਰ ਮਿਸ਼ਨ ਉਮੀਦ ਅਤੇ ਸਮੁੱਚੀ ਟੀਮ, ਜੋ ਇਸ ਪ੍ਰੋਜੈਕਟ ਅਧੀਨ ਕੰਮ ਕਰ ਰਹੀ ਹੈ, ਨੂੰ ਵਧਾਈ ਦਿੰਦੇ ਹੋਏ ਆਸ ਕਰਦੀ ਹਾਂ ਕਿ ਸਮਰਪਣ ਸੁਸਾਇਟੀ ਦਾ ਮਿਸ਼ਨ 'ਜੋ ਜੀਅ ਆਵੇ ਸੋ ਰਾਜ਼ੀ ਜਾਵੇ' ਅਤੇ ਸੋਚ ਆਪ ਵਲੋਂ ਇਕ ਮਿੰਟ ਸਮਾਂ ਤੇ ਇਕ ਰੁਪਇਆ ਦਾਨ, ਬਣ ਸਕਦਾ ਹੈ, ਕਿਸੇ ਲਈ ਵਰਦਾਨ ਆਉਣ ਵਾਲੇ ਸਮੇਂ ਵਿਚ ਵਿਦਿਆਰਥੀਆਂ ਦੇ ਜਵੀਨ ਵਿਚ ਉਮੀਦ ਦਾ ਚਾਨਣ ਪੈਦਾ ਕਰਦਿਆਂ ਉਨ੍ਹਾਂ ਨੂੰ ਸਫ਼ਲਤਾ ਦੀਆਂ ਮੰਜਿਲਾਂ ਤੱਕ ਪਹੁੰਚਾਵੇਗਾ | ਇਸ ਮੌਕੇ ਸ੍ਰੀ ਅਦਿੱਤਿਆ ਉੱਪਲ ਨੇ ਸੋਨਾਲੀ ਗਿਰਿ ਦਾ ਇਸ ਪਾਈਲੈਟ ਪ੍ਰੋਜੈਕਟ ਦੇ ਸ਼ੁਰੂਆਤੀ ਉਦਘਾਟਨ 'ਤੇ ਪਹੁੰਚਣ ਲਈ ਜੀ ਆਇਆਂ ਕਹਿੰਦਿਆਂ ਧੰਨਵਾਦ ਕੀਤਾ | ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਪਰਮਜੀਤ ਕੌਰ, ਆਲ ਇੰਡੀਆ ਫ੍ਰੀਡਮ ਫ਼ਾਈਟਰ ਫੈਮਲੀਜ਼ ਐਸੋਸੀਏਸ਼ਨ ਦੇ ਪ੍ਰਧਾਨ ਬਖ਼ਤਾਵਰ ਸਿੰਘ ਲਾਧੂਪੁਰ, ਸ਼ਹੀਦ ਸੈਨਿਕ ਪਰਿਵਾਰ ਸੁਰਕਸ਼ਾ ਪ੍ਰੀਸ਼ਦ ਦੇ ਉਪ ਪ੍ਰਧਾਨ ਕੈਪਟਨ ਜੁਗਿੰਦਰ ਸਿੰਘ ਤੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ, ਹਿਸਟਰੀ ਸੁਸਾਇਟੀ ਦੇ ਪ੍ਰਧਾਨ ਪ੍ਰੋਫ਼ੈਸਰ ਰਾਜ ਕੁਮਾਰ, ਸਰਬਜੀਤ ਸਿੰਘ ਡਿਗਰਾ, ਮੀਤ ਪ੍ਰਧਾਨ, ਜਗਤ ਪੰਜਾਬੀ ਸਭਾ ਕੈਨੇਡਾ ਪੰਜਾਬ ਇਕਾਈ, ਪਿ੍ੰਸੀਪਲ ਡਾ. ਅਸ਼ਵਨੀ ਭੱਲਾ, ਜ਼ਿਲ੍ਹਾ ਗਾਈਡੈਂਸ ਕਾਊਾਸਲਰ ਮੁਕੇਸ਼ ਕੁਮਾਰ ਵਰਮਾ, ਸਮੂਹ ਬਲਾਕ ਗਾਈਡੈਂਸ ਕਾਊਾਸਲਰ, ਭਾਈ ਘਨੱਈਆ ਜੀ ਗਾਈਡੈਂਸ ਕਾਉਂਸਲਰਸ਼ ਸਟੂਡੈਂਟਸ ਵੈਲਫੇਅਰ ਸੁਸਾਇਟੀ ਦੇ ਅਹੁਦੇਦਾਰ, ਕਾਲਜ ਸਟਾਫ਼, ਸਮਰਪਣ ਸੁਸਾਇਟੀ ਦੀ ਪ੍ਰੇਰਨਾ ਅਤੇ ਰੋਲ ਮਾਡਲ ਵਿਦਿਆਰਥਣ ਕਾਜਲ ਆਦਿ ਹਾਜ਼ਰ ਸਨ |