ਬਟਾਲਾ, 22 ਮਈ (ਸਤਿੰਦਰ ਸਿੰਘ)-ਸੀ.ਬੀ.ਅੱੈਸ.ਈ. ਬੋਰਡ ਦੇ ਐਲਾਨੇ ਗਏ 12ਵੀਂ ਜਮਾਤ ਦੇ ਨਤੀਜਿਆਂ 'ਚੋਂ ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ-ਗੁਰਦਾਸਪੁਰ ਦੀ ਵਿਦਿਆਰਥਣ ਅੰਕਿਤਾ ਸ਼ਰਮਾ ਨੇ ਆਪਣੀ ਹੱਢ-ਭੰਨਵੀਂ ਮਿਹਨਤ ਦਾ ਸਬੂਤ ਦੇ ਕੇ ਮੀਲ ਪੱਥਰ ਸਾਬਿਤ ਕੀਤਾ ਹੈ | ਇਸ ਸਬੰਧੀ ਖੁਸ਼ੀ ਪ੍ਰਗਟ ਕਰਦਿਆਂ ਪਿ੍ੰਸੀਪਲ ਐਸ.ਬੀ. ਨਾਯਰ ਨੇ ਦੱਸਿਆ ਕਿ ਨਾਨ-ਮੈਡੀਕਲ ਗਰੁੱਪ ਦੀ ਵਿਦਿਆਰਥਣ ਅੰਕਿਤਾ ਸ਼ਰਮਾ ਸਪੁੱਤਰੀ ਗਗਨਦੀਪ ਸ਼ਰਮਾ, ਮਾਤਾ ਪ੍ਰੇਮ ਲਤਾ ਵਾਸੀ ਜਲਾਲਪੁਰ ਬੇਦੀਆਂ ਨੇ 97.6 ਫ਼ੀਸਦੀ ਅੰਕ ਲੈ ਕੇ ਗੁਰਦਾਸਪੁਰ ਜ਼ਿਲ੍ਹੇ ਦੇ ਮੋਹਰੀ ਸਕੂਲਾਂ 'ਚੋਂ ਇਕ ਬਣ ਕੇ ਮਾਪਿਆਂ ਅਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਪੇਂਡੂ ਇਲਾਕੇ 'ਚ ਰਹਿਣ ਦੇ ਬਾਵਜੂਦ ਸਕੂਲੀ ਅਧਿਆਪਕਾਂ ਦੀ ਸਿੱਖਿਆ ਤਹਿਤ ਤੇ ਆਪਣੀ ਲਗਨ ਨੂੰ ਕਾਇਮ ਰੱਖਦਿਆਂ ਅੰਕਿਤਾ ਸ਼ਰਮਾ ਨੇ ਪੰਜਾਬੀ ਵਿਸ਼ੇ 'ਚੋਂ 100/100 ਅੰਕ, ਅੰਗਰੇਜ਼ੀ ਅਤੇ ਗਣਿਤ ਵਿਸ਼ੇ ਵਿਚੋਂ 98, ਕੈਮਿਸਟਰੀ ਵਿਚੋਂ 97, ਬਾਇਓਲੋਜੀ ਵਿਸ਼ੇ 93 ਤੇ ਫਿਜ਼ਿਕਸ 'ਚੋਂ 88 ਅੰਕ ਲੈ ਕੇ ਸਾਰਿਆਂ ਨੂੰ ਮਿਹਨਤ ਦਾ ਸਬੂਤ ਦਿੱਤਾ ਹੈ | ਸਕੂਲ ਪਹੁੰਚਣ 'ਤੇ ਪਿ੍ੰਸੀਪਲ ਐੱਸ.ਬੀ. ਨਾਯਰ, ਮੈਨੇਜ਼ਮੈਂਟ ਮੈਂਬਰ ਮੈਡਮ ਨਵਦੀਪ ਕੌਰ ਤੇ ਕੁਲਦੀਪ ਕੌਰ ਦੁਆਰਾ ਮੂੰਹ ਮਿੱਠਾ ਕਰਵਾਉਂਦਿਆਂ ਵਧਾਈ ਦਿੱਤੀ ਗਈ | ਇਸ ਮੌਕੇ ਵਿਦਿਆਰਥਣ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਉਸਦਾ ਟੀਚਾ ਹੈ ਕਿ ਯੂ.ਪੀ.ਐੱਸ.ਈ. ਦੀ ਪ੍ਰੀਖਿਆ ਪਾਸ ਕਰਕੇ ਆਈ.ਏ.ਐੱਸ. ਅਫ਼ਸਰ ਬਣੇ ਤੇ ਆਪਣਾ ਤੇ ਆਪਣੇ ਪਰਿਵਾਰ ਦਾ ਸੁਪਨਾ ਪੂਰਾ ਕਰ ਸਕੇ | ਅੰਕਿਤਾ ਸ਼ਰਮਾ ਨੇ ਵੀ ਖੁਸ਼ੀ ਪ੍ਰਗਟ ਕਰਦਿਆਂ ਦੱਸਿਆ ਕਿ ਉਸ ਨੇ ਬਿਨ੍ਹਾਂ ਟਿਊਸ਼ਨ ਦੇ ਸਿਰਫ਼ ਸਕੂਲੀ ਅਧਿਆਪਕਾਂ ਦੀ ਯੋਗ ਅਗਵਾਈ ਨਾਲ 10ਵੀਂ 'ਚੋਂ ਵੀ 97.8 ਫ਼ੀਸਦੀ ਅੰਕ ਲਏ ਸਨ ਤੇ ਹੁਣ 12ਵੀਂ ਵਿਚੋਂ ਵੀ ਜ਼ਿਲ੍ਹਾ ਮੋਹਰੀ ਬਣ ਕੇ ਉਨ੍ਹਾਂ ਦਾ ਮਾਣ ਵਧਾਇਆ ਹੈ, ਉਹ ਆਪਣੀ ਕਾਮਯਾਬੀ ਦਾ ਸਿਹਰਾ ਆਪਣੀ ਮਿਹਨਤ ਦੇ ਨਾਲ-ਨਾਲ ਸਕੂਲ ਅਧਿਆਪਕਾਂ ਨੂੰ ਵੀ ਦੇਣਾ ਚਾਹੁੰਦੀ ਹੈ | ਸਕੂਲੀ ਅਧਿਆਪਕਾਂ ਦੁਆਰਾ ਵੀ ਅੰਕਿਤਾ ਸ਼ਰਮਾ ਨੂੰ ਹਮੇਸ਼ਾਂ ਅੱਗੇ ਵੱਧਦੇ ਰਹਿਣ ਦੀ ਪ੍ਰੇਰਨਾ ਦਿੰਦਿਆਂ ਹੋਇਆਂ ਆਸ਼ੀਰਵਾਦ ਦਿੱਤਾ ਗਿਆ | ਇਸ ਮੌਕੇ ਸਕੂਲੀ ਕੋਆਰਡੀਨੇਟਰ ਮੈਂਬਰ ਤੇ ਅਧਿਆਪਕ ਸ਼ਾਮਲ ਸਨ |