ਪਠਾਨਕੋਟ, 22 ਮਈ (ਸੰਧੂ)-ਸ਼ਹਿਰ ਦੇ ਮਿਸ਼ਨ ਰੋਡ 'ਤੇ ਇਕ ਬੰਦ ਘਰ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ, ਜੋ ਕਿ ਸੇਵਾ ਮੁਕਤ ਬੈਂਕ ਅਧਿਕਾਰੀ ਆਰ.ਸੀ. ਸ਼ਰਮਾ ਦਾ ਹੈ | ਚੋਰਾਂ ਨੇ ਘਰ ਨੂੰ ਨਿਸ਼ਾਨਾ ਬਣਾਇਆ ਤੇ ਘਰ ਵਿਚੋਂ ਕੀਮਤੀ ਸਮਾਨ ਚੋਰੀ ਕਰ ਲਿਆ | ਜਿਸ ਨੂੰ ਉਨ੍ਹਾਂ ਨੇ ਚਾਦਰ ਵਿਚ ਬੰਨ੍ਹ ਕੇ ਨਾਲ ਲੱਗਦੇ ਸਾਬਕਾ ਮੰਤਰੀ ਰਮਨ ਭੱਲਾ ਦੇ ਘਰ ਦੀ ਚਾਰਦੀਵਾਰੀ ਦੇ ਕੋਲ ਰੱਖਿਆ | ਚੋਰ ਮੋਟਰਸਾਈਕਲ 'ਤੇ ਚੋਰੀ ਕੀਤਾ ਸਮਾਨ ਲਿਜਾਉਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਗਲੀ ਦੇ ਲੋਕਾਂ ਨੂੰ ਸ਼ੱਕ ਪਿਆ ਤੇ ਉਨ੍ਹਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ | ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਚੋਰ ਚਾਦਰ ਵਿਚ ਲਪੇਟਿਆ ਸਾਮਾਨ ਅਤੇ ਆਪਣਾ ਮੋਟਰਸਾਈਕਲ ਛੱਡ ਕੇ ਭੱਜ ਗਏ | ਪੁਲਿਸ ਨੇ ਚੋਰੀ ਕੀਤਾ ਸਾਮਾਨ, ਜਿਸ ਵਿਚ ਪਿੱਤਲ ਦੇ ਭਾਂਡੇ, ਇੰਡਕਸ਼ਨ ਸਟੋਵ ਤੇ ਕੀਮਤੀ ਸੈਨੇਟਰੀ ਸਮਾਨ ਆਦਿ ਸ਼ਾਮਿਲ ਸਨ, ਨੂੰ ਜਬਤ ਕਰ ਲਿਆ ਗਿਆ ਹੈ ਤੇ ਮੋਟਰਸਾਈਕਲ ਨੂੰ ਥਾਣੇ ਲੈ ਗਈ ਹੈ ਤੇ ਅਗਲੇਰੀ ਜਾਂਚ 'ਚ ਜੱੁਟੀ ਹੋਈ ਹੈ |