ਬਟਾਲਾ, 24 ਮਈ (ਸਤਿੰਦਰ ਸਿੰਘ)-ਪੰਜਾਬ 'ਚ ਨਗਰ ਕੌਸਲ ਤੇ ਨਗਰ ਨਿਗਮ ਚੋਣਾਂ ਦਾ ਚੋਣ ਭਖਿਆ ਹੋਇਆ ਹੈ | ਇਸ ਚੋਣ ਦੰਗਲ 'ਚ ਬਟਾਲਾ ਦੀ 50 ਮੈਂਬਰਾਂ ਵਾਲੀ ਨਗਰ ਨਿਗਮ 'ਚ ਸਭ ਤੋਂ ਹਾੱਟ ਸੀਟ ਵਾਰਡ ਨੰਬਰ 35 ਬਣੀ ਹੋਈ ਹੈ, ਜਿਸ 'ਤੇ ਸਾਰੇ ਸ਼ਹਿਰ ਅਤੇ ਆਲੇ-ਦੁਆਲੇ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ | ਵਾਰਡ ਦੀ ਸੀਟ 'ਤੇ ਪਹਿਲਾਂ ਤੋਂ ਕਾਬਜ਼ ਸ੍ਰੀਮਤੀ ਸ਼ਸ਼ੀ ਚੰਦਾ ਕਾਂਗਰਸ ਪਾਰਟੀ ਵਲੋਂ ਚੋਣ ਲੜ ਰਹੇ ਹਨ ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਤੋਂ ਵਿਧਾਇਕ ਸ਼ੈਰੀ ਕਲਸੀ ਦੇ ਭਰਾ ਅੰਮਿ੍ਤ ਕਲਸੀ ਵਲੋਂ ਇਸ ਵਾਰਡ ਤੋਂ ਚੋਣ ਲੜਨ ਕਰ ਕੇ ਇਹ ਵਾਰਡ ਸੁਰਖੀਆਂ ਵਿਚ ਹੈ | ਚੰਦਾ ਪਰਿਵਾਰ ਸ਼ਹਿਰ ਵਿਚ ਕਿਸੇ ਪਹਿਚਾਣ ਦਾ ਮੁਹਤਾਜ ਨਹੀਂ | 1992 ਤੋਂ ਲਗਾਤਾਰ 34 ਸਾਲਾਂ ਤੋਂ ਚੰਦਾ ਪਰਿਵਾਰ ਇਸ ਵਾਰਡ 'ਤੇ ਕਾਬਜ਼ ਹੈ | ਇਹ ਵੀ ਦੱਸ ਦਈਏ ਕਿ ਸ੍ਰੀਮਤੀ ਸ਼ਸ਼ੀ ਚੰਦਾ ਦੇ ਪਤੀ ਸਵਰਗੀ ਤਰਲੋਚਨ ਚੰਦਾ ਵੀ ਕੌਂਸਲਰ ਰਹੇ ਅਤੇ ਉਨ੍ਹਾਂ ਤੋਂ ਬਾਅਦ ਲਗਾਤਾਰ ਉਹ ਆਪ ਜਿੱਤਦੇ ਰਹੇ | ਵਾਰਡ ਦੇ ਲੋਕਾਂ ਤੋਂ ਮਿਲੇ ਅਥਾਹ ਪਿਆਰ ਨੇ ਅੱਜ ਤੱਕ ਉਨ੍ਹਾਂ ਨੂੰ ਇਸ ਵਾਰਡ ਤੋਂ ਭਾਰੀ ਬਹੁਮੱਤ ਨਾਲ ਜਿਤਾਇਆ | ਦੱਸਣਯੋਗ ਹੈ ਕਿ ਚੰਦਾ ਪਰਿਵਾਰ ਬਟਾਲਾ ਤੋਂ 2027 ਦੀਆਂ ਚੋਣਾਂ 'ਚ ਕਾਂਗਰਸ ਵਲੋਂ ਬਟਾਲਾ ਸੀਟ ਦੇ ਦਾਅਵੇਦਾਰ ਐਡਵੋਕੇਟ ਅਮਨਦੀਪ ਜੈਂਤੀਪੁਰ ਦੇ ਪਰਿਵਾਰ ਵਿਚੋਂ ਹਨ, ਜਿਸ ਕਰ ਕੇ ਉਨ੍ਹਾਂ ਨੂੰ ਉਨ੍ਹਾਂ ਦਾ ਪੂਰਾ ਸਹਿਯੋਗ ਹੈ | ਦੂਜੇ ਪਾਸੇ ਜੇਕਰ ਅੰਮਿ੍ਤ ਕਲਸੀ ਦੀ ਗੱਲ ਕਰੀਏ ਤਾਂ ਉਸ ਦਾ ਪੂਰਾ ਪਰਿਵਾਰ ਹੀ ਚੋਣ ਪ੍ਰਚਾਰ 'ਚ ਉਨ੍ਹਾਂ ਨਾਲ ਚੱਟਾਂਨ ਵਾਂਗ ਖੜ੍ਹਾ ਹੈ | ਵਿਧਾਇਕ ਸ਼ੈਰੀ ਕਲਸੀ, ਉਨ੍ਹਾਂ ਦੀ ਪਤਨੀ ਰਾਜਬੀਰ ਕੌਰ ਕਲਸੀ, ਉਨ੍ਹਾਂ ਦੀ ਮਾਤਾ ਬਲਬੀਰ ਕੌਰ ਕਲਸੀ, ਅੰਮਿ੍ਤ ਕਲਸੀ ਦੀ ਪਤਨੀ ਰੀਆ ਕਲਸੀ ਸਮੇਤ ਬਹੁਤ ਸਾਰੇ ਹੋਰ ਪਰਿਵਾਰਕ ਮੈਂਬਰ ਅਤੇ ਆਮ ਆਦਮੀ ਪਾਰਟੀ ਦੇ ਆਗੂ ਚੋਣ ਪ੍ਰਚਾਰ 'ਚ ਉਨ੍ਹਾਂ ਦਾ ਪੂਰਾ ਸਾਥ ਦੇ ਰਹੇ ਹਨ | ਆਪਣੇ ਭਰਾ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਚੱਲਣ ਵਾਲੇ ਅੰਮਿ੍ਤ ਕਲਸੀ ਵਲੋਂ ਪੰਜਾਬ ਸਰਕਾਰ ਵਲੋਂ ਬਟਾਲਾ 'ਚ ਹੋ ਰਹੇ ਵਿਕਾਸ ਕਾਰਜ ਅਤੇ ਹੋਰ ਗਤੀਵਿਧੀਆਂ 'ਚ ਹਿੱਸਾ ਲੈਂਦੇ ਰਹਿਣ ਕਰ ਕੇ ਵੀ ਲੋਕ, ਵਿਸ਼ਵਾਸ ਦੀ ਵੋਟ ਪਾ ਸਕਦੇ ਹਨ | ਜਿਥੇ ਇਹ ਵਾਰਡ ਦੋਵਾਂ ਪਾਰਟੀਆਂ ਦੇ ਉਮੀਦਵਾਰਾਂ ਲਈ ਮੁੱਛ ਦਾ ਸਵਾਲ ਬਣ ਗਈ ਹੈ, ਉਥੇ ਇਸ ਵਾਰਡ ਨੂੰ ਅਤਿ ਸੰਵੇਦਨਸ਼ੀਲ ਵੀ ਮੰਨਿਆ ਜਾ ਰਿਹਾ ਹੈ | ਇਸ ਵਾਰਡ 'ਚ ਕਾਂਟੇਦਾਰ ਟੱਕਰ ਨੂੰ ਵੇਖਦਿਆਂ ਦੂਜੀਆਂ ਪਾਰਟੀਆਂ ਭਾਜਪਾ ਤੇ ਅਕਾਲੀ ਦਲ ਵਲੋਂ ਆਪਣੇ ਉਮੀਦਵਾਰ ਹੀ ਖੜੇ੍ਹ ਨਹੀਂ ਕੀਤੇ ਗਏ | ਇਹ ਵੀ ਚਰਚਾ ਜ਼ੋਰਾਂ 'ਤੇ ਹੈ ਕਿ ਨਗਰ ਨਿਗਮ ਦੀਆਂ ਚੋਣਾਂ ਹਲਕਾ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਤੇ ਬਟਾਲਾ ਤੋਂ ਕਾਂਗਰਸ ਦੀ ਸੀਟ ਦੇ ਦਾਅਵੇਦਾਰ ਅਮਨਦੀਪ ਜੈਂਤੀਪੁਰ ਦਾ 2027 'ਚ ਭਵਿੱਖ ਤਹਿ ਕਰਨਗੀਆਂ | ਭਾਵੇਂ ਇਸ ਵਾਰਡ ਦੇ ਲੋਕਾਂ ਨੇ ਚੁੱਪ ਧਾਰੀ ਹੋਈ ਹੈ ਤੇ ਪਾਰਟੀਆਂ ਦੇ ਵਰਕਰਾਂ ਵਲੋਂ ਕੀਤੇ ਜਾ ਰਹੇ ਪ੍ਰਚਾਰ 'ਚ ਹਰ ਇਕ ਦਾ ਸਵਾਗਤ ਕਰ ਰਹੇ ਹਨ, ਪਰ ਅੰਦਰਖਾਤੇ ਵੋਟਰਾਂ ਨੂੰ ਆਪਣੇ ਹੱਕ ਵਿਚ ਵੋਟ ਪਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ | ਦੋਵਾਂ ਪਾਰਟੀਆਂ ਦੇ ਦਿਗਜ਼ ਲੀਡਰਾਂ ਵਲੋਂ ਆਪਣਿਆਂ ਨੂੰ ਹੀ ਚੋਣ ਦੰਗਲ ਵਿਚ ਉਤਾਰਨ ਕਰਕੇ ਇਸ ਵਾਰਡ ਤੋਂ ਜਿੱਤਣਾ ਮੁੱਛ ਦਾ ਸਵਾਲ ਬਣ ਗਿਆ ਹੈ ਤੇ ਇਹ ਵੀ ਕਿਹਾ ਵੀ ਕੰਨਸੋਆਂ ਹਨ ਕਿ ਨਗਰ ਨਿਗਮ ਦਾ ਮੇਅਰ ਵੀ ਇਸੇ ਵਾਰਡ 'ਚੋਂ ਹੀ ਬਣੇਗਾ |