ਗੁਰਦਾਸਪੁਰ, 25 ਮਈ (ਪੰਕਜ ਸ਼ਰਮਾ)-ਪੰਜਾਬ ਸਰਕਾਰ ਦੇ ਝੂਠੇ ਵਾਅਦਿਆਂ ਤੇ ਲਾਰਿਆਂ ਤੋਂ ਤੰਗ ਅਤੇ ਵਿਭਾਗ ਦੀਆਂ ਕੰਪਿਊਟਰ ਅਧਿਆਪਕ ਵਿਰੋਧੀ ਨੀਤੀਆਂ ਖਿਲਾਫ਼ ਕੰਪਿਊਟਰ ਟੀਚਰਜ਼ ਯੂਨੀਅਨ ਪੰਜਾਬ ਵਲੋਂ 28 ਮਈ ਨੰੂ ਮੋਹਾਲੀ ਡੀ.ਜੀ.ਐਸ.ਈ. ਦਫ਼ਤਰ ਦੇ ਘਿਰਾਓ ਦਾ ਐਲਾਨ ਕੀਤਾ ਗਿਆ ਹੈ | ਇਸ ਸਬੰਧੀ ਜ਼ਿਲ੍ਹਾ ਇਕਾਈ ਗੁਰਦਾਸਪੁਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਪਿੰਦਰ ਸਿੰਘ ਦੀ ਅਗਵਾਈ ਵਿਚ ਹੋਈ | ਆਗੂਆਂ ਵਲੋਂ ਦੱਸਿਆ ਗਿਆ ਕਿ ਪੰਜਾਬ ਦੇ 6640 ਕੰਪਿਊਟਰ ਅਧਿਆਪਕਾਂ ਨੰੂ 2-12-2010 'ਚ ਰਾਜਪਾਲ ਦੀ ਪ੍ਰਵਾਨਗੀ ਨਾਲ ਪੰਜਾਬ ਸਰਕਾਰ ਵਲੋਂ ਜਾਰੀ ਨੋਟੀਫਿਕੇਸ਼ਨ ਅਤੇ 2011 'ਚ ਰੈਗੂਲਰ ਨਿਯੁਕਤੀ ਪੱਤਰ ਮਿਲਣ ਦੇ ਬਾਵਜੂਦ ਸੁਸਾਇਟੀ ਦੇ ਨਾਂਅ 'ਤੇ ਗੁੰਮਰਾਹ ਕੀਤਾ ਜਾ ਰਿਹਾ ਹੈ | ਮਾਣਯੋਗ ਹਾਈਕੋਰਟ 'ਚ ਕੰਪਿਊਟਰ ਅਧਿਆਪਕਾਂ ਦੇ ਹੱਕ 'ਚ ਫੈਸਲਾ ਆਉਣ ਦੇ ਬਾਵਜੂਦ ਪੰਜਾਬ ਸਰਕਾਰ ਉਸ ਨੰੂ ਲਾਗੂ ਕਰਨ ਦੀ ਥਾਂ ਸੁਪਰੀਮ ਕੋਰਟ ਚਲੀ ਗਈ ਹੈ ਤੇ ਕੰਪਿਊਟਰ ਅਧਿਆਪਕਾਂ ਦੀਆਂ ਹੱਕੀ ਮੰਗਾਂ ਨੰੂ ਲਾਗੂ ਕਰਨ ਤੋਂ ਭੱਜ ਰਹੀ ਹੈ | ਆਗੂਆਂ ਨੇ ਦੱਸਿਆ ਕਿ ਸਰਕਾਰ ਸਿਰਫ਼ ਵੋਟਾਂ ਵੇਲੇ ਵਾਅਦੇ ਕਰਦੀ ਹੈ | ਪਰ ਅਮਲੀ ਰੂਪ 'ਚ ਹਮੇਸ਼ਾ ਉਨ੍ਹਾਂ ਨੰੂ ਲਾਗੂ ਕਰਨ ਤੋਂ ਭੱਜ ਜਾਂਦੀ ਹੈ | 6640 ਅਧਿਆਪਕ ਪਿਛਲੇ 21 ਸਾਲਾਂ ਤੋਂ ਸਰਕਾਰੀ ਸਕੂਲਾਂ 'ਚ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਅ ਰਹੇ ਹਨ | ਪਰ ਰੈਗੂਲਰ ਨੋਟੀਫਿਕੇਸ਼ਨ ਤੇ ਨਿਯੁਕਤੀ ਪੱਤਰਾਂ ਨੰੂ ਅੱਜ ਤੱਕ ਕਿਸੇ ਵੀ ਸਰਕਾਰ ਨੇ ਇੰਨ-ਬਿੰਨ ਲਾਗੂ ਨਹੀਂ ਕੀਤਾ | ਇਸ ਦੌਰਾਨ 112 ਕੰਪਿਊਟਰ ਅਧਿਆਪਕਾਂ ਦੀ ਮੌਤ ਹੋ ਚੁੱਕੀ ਹੈ ਤੇ 4 ਕੰਪਿਊਟਰ ਅਧਿਆਪਕ ਬਿਨ੍ਹਾਂ ਕੋਈ ਲਾਭ ਪ੍ਰਾਪਤ ਕੀਤੇ ਸੇਵਾ ਮੁਕਤ ਹੋ ਚੁੱਕੇ ਹਨ | ਅਧਿਆਪਕਾਂ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਸਰਕਾਰ ਕੀਤੇ ਵਾਅਦੇ ਪੂਰੇ ਨਹੀਂ ਕਰਦੀ, ਤਦ ਤੱਕ ਸੰਘਰਸ਼ ਜਾਰੀ ਰਹੇਗਾ | ਇਸ ਮੌਕੇ ਸਟੇਟ ਕਮੇਟੀ ਮੈਂਬਰ ਪਰਮਿੰਦਰ ਸਿੰਘ, ਗਗਨਦੀਪ ਸਿੰਘ, ਰਾਜਵਿੰਦਰ ਪਨੰੂ, ਨਰਿੰਦਰ ਪਾਲ, ਜਗਦੀਸ਼ ਸਿੰਘ, ਨਰੇਸ਼ ਕੁਮਾਰ, ਇੰਦਰਜੀਤ ਸਿੰਘ, ਰਵਿੰਦਰ ਸਿੰਘ, ਸਲਵਿੰਦਰ ਕੁਮਾਰ, ਕਰਮਜੀਤ ਪੁਰੀ, ਕੇਵਲ ਕ੍ਰਿਸ਼ਨ ਅਤੇ ਦੀਪਕ ਕੁਮਾਰ ਹਾਜ਼ਰ ਸਨ |