ਗੁਰਦਾਸਪੁਰ, 25 ਮਈ (ਅਸ਼ੋਕ ਸ਼ਰਮਾ)-ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਪੈਂਦੇ ਪਿੰਡ ਦਾਖ਼ਲਾ ਦਾ ਨੌਜਵਾਨ ਫ਼ੌਜੀ ਜਵਾਨ ਡੇਢ ਮਹੀਨੇ ਦੀ ਛੁੱਟੀ ਕੱਟ ਕੇ ਘਰੋਂ ਗਿਆ ਸੀ | ਪਰ ਉਹ ਯੂਨਿਟ ਵਿਚ ਨਾ ਪਹੁੰਚਣ ਕਾਰਨ ਉਸ ਦੇ ਮਾਪੇ ਪ੍ਰੇਸ਼ਾਨੀ ਦੇ ਆਲਮ 'ਚ ਹਨ | ਜਦੋਂ ਉਸ ਦੇ ਮਾਪੇ ਯੂਨਿਟ 'ਚ ਸੰਪਰਕ ਕਰਦੇ ਹਨ ਤਾਂ ਅੱਗੋਂ ਇਹ ਬਹਾਨਾ ਲਗਾ ਦਿੱਤਾ ਜਾਂਦਾ ਹੈ ਕਿ ਸੀ.ਸੀ.ਟੀ.ਵੀ ਕੈਮਰੇ ਰਾਹੀਂ ਲੋਕੇਸ਼ਨ ਚੈੱਕ ਕਰ ਰਹੇ ਹਾਂ | ਇਸ ਸਬੰਧੀ ਪੀੜਤ ਮਾਤਾ ਮਨਜੀਤ ਕੌਰ ਪਤਨੀ ਅਮਰੀਕ ਸਿੰਘ ਵਾਸੀ ਦਾਖ਼ਲਾ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਜਸਵਿੰਦਰ ਸਿੰਘ (28) ਪੁੱਤਰ ਅਮਰੀਕ ਸਿੰਘ ਜੋ ਇੰਡੀਅਨ ਆਰਮੀ 'ਚ 1831 ਮੀਡੀਅਮ ਯੂਨਿਟ 'ਚ ਡਰਾਈਵਰ ਵਜੋਂ ਤਾਇਨਾਤ ਹੈ ਤੇ ਉਹ ਹਾਲ ਹੀ ਵਿਚ ਡੇਢ ਮਹੀਨੇ ਦੀ ਛੁੱਟੀ ਕੱਟ ਕੇ ਬੀਤੀ 17 ਮਈ ਨੰੂ ਸਵੇਰੇ ਘਰੋਂ ਗਿਆ ਸੀ ਤੇ ਯੂਨਿਟ ਜਾਣ ਲਈ ਅੰਮਿ੍ਤਸਰ ਤੋਂ ਟਰੇਨ ਰਾਹੀਂ ਰਵਾਨਾ ਹੋਇਆ | ਜਿਸ ਤੋਂ ਬਾਅਦ 18 ਮਈ ਨੰੂ ਡਿਬਰੂਗੜ੍ਹ (ਗੁਹਾਟੀ) ਨਾਲ ਸਬੰਧਿਤ ਇਕ ਕੈਂਪ 'ਚ ਪਹੁੰਚ ਕੇ ਉਸ ਨੇ ਆਪਣਾ ਸਮਾਨ ਜਮਾ ਕਰਵਾਇਆ, ਜਿਥੇ ਕੈਂਪ ਵਾਲਿਆਂ ਨੇ ਉਸ ਨੰੂ ਰਹਿਣ ਲਈ ਜਗਾ ਦੇ ਦਿੱਤੀ | ਉਸ ਤੋਂ ਬਾਅਦ ਉਹ ਕਿਸੇ ਕੰਮ ਕੈਂਪ ਤੋਂ ਬਾਹਰ ਗਿਆ | ਪਰ ਕੈਂਪ 'ਚ ਵਾਪਸ ਨਹੀਂ ਆਇਆ | ਪਰਿਵਾਰ ਨੇ ਦੱਸਿਆ ਕਿ 19 ਮਈ ਨੰੂ ਉਸ ਦਾ ਫੋਨ ਚੱਲ ਰਿਹਾ ਸੀ ਜੋ ਕਿਸੇ ਹੋਰ ਨੇ ਚੁੱਕਿਆ ਸੀ | ਪਰ ਬਾਅਦ ਵਿਚ ਉਸ ਦਾ ਫੋਨ ਬੰਦ ਆ ਗਿਆ | ਪੀੜਤ ਮਾਤਾ ਮਨਜੀਤ ਕੌਰ ਨੇ ਐਸ.ਐਸ.ਪੀ ਗੁਰਦਾਸਪੁਰ ਨੰੂ ਦਰਖ਼ਾਸਤ ਦੇ ਕੇ ਆਪਣੇ ਲੜਕੇ ਦੀ ਭਾਲ ਲਈ ਗੁਹਾਰ ਲਗਾਈ ਹੈ | ਉਨ੍ਹਾਂ ਭਾਰਤ ਸਰਕਾਰ ਦੇ ਡਿਫੈਂਸ ਮੰਤਰਾਲੇ ਪਾਸੋਂ ਵੀ ਉਸ ਦੇ ਪੁੱਤਰ ਨੰੂ ਲੱਭਣ ਦੀ ਗੁਹਾਰ ਲਗਾਈ ਹੈ | ਉਨ੍ਹਾਂ ਕਿਹਾ ਕਿ ਜਸਵਿੰਦਰ ਸਿੰਘ ਦੇ ਉਸ ਦੀ ਯੂਨਿਟ ਵਿਚ ਪਹੁੰਚਣ ਬਾਰੇ ਪਰਿਵਾਰ ਨੰੂ ਕੋਈ ਸਹੀ ਜਾਣਕਾਰੀ ਨਾ ਮਿਲਣ ਕਾਰਨ ਉਹ ਕਾਫ਼ੀ ਪ੍ਰੇਸ਼ਾਨ ਹਨ | ਜ਼ਿਕਰਯੋਗ ਹੈ ਕਿ ਪੀੜਤ ਪਰਿਵਾਰ ਸਿਰਫ਼ ਉਕਤ ਫ਼ੌਜੀ 'ਤੇ ਹੀ ਨਿਰਭਰ ਹੈ | ਪਰ ਉਸ ਦਾ ਯੂਨਿਟ 'ਚ ਪਹੁੰਚਣ ਜਾਂ ਨਾ ਪਹੁੰਚਣ ਬਾਰੇ ਕੋਈ ਸਹੀ ਪਤਾ ਨਾ ਲੱਗਣ ਕਾਰਨ ਮਾਪਿਆਂ ਦਾ ਬੁਰਾ ਹਾਲ ਹੈ |