ਦੀਨਾਨਗਰ, 27 ਮਈ (ਸੋਢੀ/ਘੁੰਮਣ/ਸ਼ਰਮਾ)-ਸ਼ਾਂਤੀ ਦੇਵੀ ਸੀਨੀਅਰ ਸੈਕੰਡਰੀ ਸਕੂਲ ਦੀਨਾਨਗਰ ਵਿਖੇ ਸਕੂਲ ਦੇ 11ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਫਰੈਸ਼ਰ ਪਾਰਟੀ ਪਿ੍ੰਸੀਪਲ ਡਾ: ਸਰਲਾ ਨਿਰੰਕਾਰੀ ਦੀ ਪ੍ਰਧਾਨਗੀ, ਕੋਆਰਡੀਨੇਟਰ ਪ੍ਰੋ: ਸ਼ੈਲਿਕਾ ਅਗਰਵਾਲ ਤੇ ਪ੍ਰੋ: ਮੋਹਿਤ ਅਗਰਵਾਲ ਦੀ ਅਗਵਾਈ ਵਿਚ ਹੋਈ | ਪ੍ਰੋਗਰਾਮ ਦਾ ਆਰੰਭ ਪਿ੍ੰਸੀਪਲ ਡਾ: ਸਰਲਾ ਨਿਰੰਕਾਰੀ ਤੇ ਸਾਰੇ ਸਟਾਫ ਮੈਂਬਰਾਂ ਵਲੋਂ ਵਿੱਦਿਆ ਜੋਤੀ ਜਗਾਉਣ ਨਾਲ ਹੋਇਆ | ਪਿ੍ੰਸੀਪਲ ਨੇ ਦਾਖ਼ਲ ਹੋਏ ਨਵੇਂ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਸੰਸਥਾ ਉਨ੍ਹਾਂ ਨੂੰ ਸਿੱਖਿਆ, ਵਿਹਾਰਕ ਅਨੁਭਵ ਅਤੇ ਤਕਨੀਕੀ ਸਿਖਲਾਈ ਲਈ ਵਧੀਆ ਸਰੋਤ ਪ੍ਰਦਾਨ ਕਰਨ ਲਈ ਵਚਨਬੱਧ ਹੈ | ਉਨ੍ਹਾਂ ਕਿਹਾ ਕਿ ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਹੁਣ ਨਿਯਮਤ ਕੋਰਸਾਂ ਤੋਂ ਇਲਾਵਾ ਡਿਪਲੋਮਾ ਤੇ ਸਰਟੀਫਿਕੇਟ ਕੋਰਸ ਵੀ ਕਰਵਾ ਰਿਹਾ ਹੈ | ਇਹ ਵਾਧੂ ਕੋਰਸ ਵਿਦਿਆਰਥਣਾਂ ਦੇ ਹੁਨਰ ਨੂੰ ਹੋਰ ਵਧਾਉਣਗੇ ਅਤੇ ਉਨ੍ਹਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਵੀ ਖੋਲ੍ਹਣਗੇ | ਇਸ ਮੌਕੇ ਸੱਭਿਆਚਾਰਕ ਪ੍ਰੋਗਰਾਮ 'ਚ ਨਵੇਂ ਵਿਦਿਆਰਥੀਆਂ ਨੇ ਮਨਮੋਹਕ ਸੋਲੋ ਤੇ ਗਰੁੱਪ ਡਾਂਸ ਪੇਸ਼ ਕਰਕੇ ਵਾਹ ਵਾਹ ਹਾਸਲ ਕੀਤੀ | ਪ੍ਰੋਗਰਾਮ ਦਾ ਮੁੱਖ ਆਕਰਸ਼ਨ ਮਾਡਲਿੰਗ ਮੁਕਾਬਲਾ ਤੇ ਰੈਂਪ ਵਾਕ ਸੀ, ਜਿਸ 'ਚ ਡਾ: ਪ੍ਰਵੀਨ ਸੈਣੀ ਤੇ ਡਾ: ਅੰਜਨਾ ਮਲਹੋਤਰਾ ਨੇ ਜੱਜਾਂ ਦੀ ਭੂਮਿਕਾ ਨਿਭਾਈ | ਮੁਕਾਬਲਿਆਂ ਦੇ ਅਧਾਰ 'ਤੇ ਵਿਦਿਆਰਥਣ ਕੋਮਲ ਨੂੰ ਮਿਸ ਫਰੈਸ਼ਰ, ਭੂਮਿਕਾ ਨੂੰ ਪਹਿਲੀ ਰਨਰਅਪ, ਸਿਮਰਨ ਨੂੰ ਦੂਜੀ ਰਨਰਅੱਪ, ਸਾਧਨਾ ਨੂੰ ਮਿਸ ਚਾਰਮਿੰਗ, ਜੰਨਤ ਨੂੰ ਮਿਸ ਕਨਫੀਡੈਂਟ ਚੁਣਿਆ ਗਿਆ | ਪਿ੍ੰਸੀਪਲ ਡਾ: ਸਰਲਾ ਨਿਰੰਕਾਰੀ ਨੇ ਜੇਤੂਆਂ ਨੂੰ ਤਾਜ ਪਹਿਨਾ ਕੇ ਤੇ ਇਨਾਮ ਦੇ ਕੇ ਸਨਮਾਨਿਤ ਕੀਤਾ |