ਪਠਾਨਕੋਟ, 1 ਜੂਨ (ਸੰਧੂ)-ਜ਼ਿਲ੍ਹਾ ਵੋਕੇਸ਼ਨਲ ਕੋਆਰਡੀਨੇਟਰ ਲਲਿਤ ਮੋਹਨ ਨੇ ਕਿਹਾ ਕਿ ਦੇਸ਼ ਵਿਚ ਪੈਟਰੋਲ ਤੇ ਡੀਜ਼ਲ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਦੇ ਮੱਦੇਨਜ਼ਰ ਲੋਕਾਂ ਨੂੰ ਇਲੈਕਟਿ੍ਕ ਵਾਹਨਾਂ ਵੱਲ ਰੁਝਾਨ ਵਧਾਉਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਇਲੈਕਟਿ੍ਕ ਵਾਹਨਾਂ ਦੀ ਵਰਤੋਂ ਨਾ ਸਿਰਫ਼ ਆਰਥਿਕ ਪੱਖੋਂ ਲਾਭਦਾਇਕ ਹੈ, ਸਗੋਂ ਇਹ ਵਾਤਾਵਰਨ ਦੀ ਸੁਰੱਖਿਆ ਲਈ ਵੀ ਬਹੁਤ ਜ਼ਰੂਰੀ ਹੈ | ਲਲਿਤ ਮੋਹਨ ਨੇ ਕਿਹਾ ਕਿ ਰਵਾਇਤੀ ਇੰਧਨਾਂ 'ਤੇ ਨਿਰਭਰਤਾ ਘਟਾ ਕੇ ਇਲੈਕਟਿ੍ਕ ਵਾਹਨਾਂ ਨੂੰ ਅਪਣਾਉਣ ਨਾਲ ਹਵਾ ਪ੍ਰਦੂਸ਼ਣ ਵਿਚ ਕਾਫ਼ੀ ਕਮੀ ਲਿਆਂਦੀ ਜਾ ਸਕਦੀ ਹੈ | ਉਨ੍ਹਾਂ ਦੱਸਿਆ ਕਿ ਇਲੈਕਟਿ੍ਕ ਸਕੂਟਰ, ਮੋਟਰਸਾਈਕਲਾਂ ਤੇ ਕਾਰਾਂ ਦੇ ਨਾਲ-ਨਾਲ ਇਲੈਕਟਿ੍ਕ ਸਾਈਕਲਾਂ ਵੀ ਅੱਜ ਦੇ ਸਮੇਂ ਦੀ ਵੱਡੀ ਲੋੜ ਬਣਦੀਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਇਲੈਕਟਿ੍ਕ ਸਾਈਕਲਾਂ ਦੀ ਵਰਤੋਂ ਨਾਲ ਲੋਕ ਆਪਣੇ ਰੋਜ਼ਾਨਾ ਦੇ ਛੋਟੇ-ਛੋਟੇ ਕੰਮ ਆਸਾਨੀ ਨਾਲ ਨਿਭਾਅ ਸਕਦੇ ਹਨ | ਇਸ ਨਾਲ ਜਿੱਥੇ ਬਾਲਣ 'ਤੇ ਹੋਣ ਵਾਲਾ ਖਰਚਾ ਬਚੇਗਾ, ਉੱਥੇ ਹੀ ਸਰੀਰਕ ਤੰਦਰੁਸਤੀ ਨੂੰ ਵੀ ਪ੍ਰੋਤਸਾਹਨ ਮਿਲੇਗਾ | ਉਨ੍ਹਾਂ ਕਿਹਾ ਕਿ ਵਧਦੇ ਪ੍ਰਦੂਸ਼ਣ ਅਤੇ ਮਹਿੰਗਾਈ ਦੇ ਇਸ ਦੌਰ ਵਿਚ ਹਰ ਨਾਗਰਿਕ ਨੂੰ ਵਾਤਾਵਰਨ-ਅਨੁਕੂਲ ਸਾਧਨਾਂ ਦੀ ਵਰਤੋਂ ਨੂੰ ਤਰਜ਼ੀਹ ਦੇਣੀ ਚਾਹੀਦੀ ਹੈ |