ਧਾਰੀਵਾਲ, 12 ਜੂਨ (ਸਵਰਨ ਸਿੰਘ)-ਧਾਰੀਵਾਲ ਦੇ ਨੇੜਲੇ ਪਿੰਡ ਕਲਿਆਣਪੁਰ ਵਾਸੀ ਸੱਤਪਾਲ ਸਿੰਘ ਪੁੱਤਰ ਤਾਰਾ ਸਿੰਘ ਦੀ ਪਿੱਡ ਚੂਹੜਚੱਕ ਸਥਿਤ 252 ਕਨਾਲ 6 ਮਰਲੇ (ਲਗਪਗ 31 ਏਕੜ, 5 ਕਨਾਲ ਅਤੇ 6 ਮਰਲੇ) ਜ਼ਮੀਨ ਦੇ ਸਬੰਧਤ ਵਿਚ ਜਾਅਲੀ ਦਸਤਾਵੇਜ ਤਿਆਰ ਕਰਕੇ ਮਾਲ ਰਿਕਾਰਡ ਨਾਲ ਛੇੜਛਾੜ ਕਰਕੇ ਗਲਤ ਸਟੇਅ ਇੰਦਰਾਜ ਕਰਨ 'ਤੇ ਤਤਕਾਲੀ ਪਟਵਾਰੀ ਮਨਜੀਤ ਸਿੰਘ 'ਤੇ ਮਾਮਲਾ ਦਰਜ ਹੋਇਆ ਹੈ | ਦੱਸਣਯੋਗ ਹੈ ਕਿ ਉਕਤ ਜ਼ਮੀਨ ਸੱਤਪਾਲ ਸਿੰਘ ਵਾਸੀ ਪਿੰਡ ਕਲਿਆਣਪੁਰ ਦੀ ਧਰਮ ਪਤਨੀ ਕਸ਼ਮੀਰ ਕੌਰ ਨੂੰ ਉਸ ਦੇ ਪਿਤਾ ਦੀ ਹਿੱਸੇ ਆਈ ਜ਼ਮੀਨ ਦੀ ਰਜਿਸਟਰਡ ਵਸੀਅਤ ਉਸ ਨੇ ਆਪਣੇ ਪਤੀ ਸੱਤਪਾਲ ਸਿੰਘ ਦੇ ਨਾਂਅ ਕੀਤੀ ਹੋਈ ਸੀ, ਜਿਸ ਤੋਂ ਉਪਰੰਤ ਸੱਤਪਾਲ ਸਿੰਘ ਨੇ ਇਸ ਜ਼ਮੀਨ ਦਾ ਹਰਪਾਲ ਸਿੰਘ ਐੱਨ.ਆਰ.ਆਈ. ਪੁੱਤਰ ਜੋਗਿੰਦਰ ਸਿੰਘ ਵਾਸੀ ਨਿਊ ਉਜਾਗਰ ਨਗਰ ਕਲੋਨੀ ਅੰਮਿ੍ਤਸਰ ਨੂੰ 1/2 ਹਿੱਸਾ, ਪ੍ਰਭਜੋਤ ਸਿੰਘ ਨੂੰ 1/4 ਹਿੱਸਾ ਤੇ ਵਰਿੰਦਰ ਸਿੰਘ ਨੂੰ ਵੀ 1/4 ਹਿੱਸਾ ਮੁਖਤਾਰਨਾਮ ਤੇ ਰਜਿਸਟਰਡ ਵਸੀਅਤ ਕਰ ਦਿੱਤੀ, ਪਰ ਮਾਲ ਰਿਕਾਰਡ ਨਾਲ ਛੇੜਛਾੜ ਕਰਕੇ ਗਲਤ ਸਟੇਅ ਇੰਦਰਾਜ ਹੋਣ ਨੂੰ ਲੈ ਕੇ ਹਰਪਾਲ ਸਿੰਘ ਐੱਨ.ਆਰ.ਆਈ. ਨੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਕੇਸ ਲਗਾ ਦਿੱਤਾ, ਜਿਸ ਵਿਚ ਉਨ੍ਹਾਂ ਨੇ ਤਤਕਾਲੀ ਪਟਵਾਰੀ ਮਨਜੀਤ ਸਿੰਘ, ਤਤਕਾਲੀ ਨਾਇਬ ਤਹਿਸੀਲਦਾਰ ਤੇ 11 ਹੋਰ ਨੇ ਮਿਲੀਭੁਗਤ ਕਰਕੇ ਜਾਅਲੀ ਦਸਤਾਵੇਜਾਂ ਤਿਆਰ ਕਰਕੇ ਮਾਲ ਰਿਕਾਰਡ ਨਾਲ ਛੇੜਛਾੜ ਕਰਕੇ ਗਲਤ ਸਟੇਅ ਇੰਦਰਾਜ ਕਰਨ ਦੋਸ਼ ਲਗਾਏ, ਜਿਸ ਦੀ ਪੜਤਾਲ ਉਪਰੰਤ ਮਾਣਯਗ ਹਾਈਕੋਰਟ ਦੇ ਆਦੇਸ਼ਾਂ 'ਤੇ ਥਾਣਾ ਸੇਖਵਾਂ ਦੀ ਪੁਲਿਸ ਨੇ ਤਤਕਾਲੀ ਪਟਵਾਰੀ ਮਨਜੀਤ ਸਿੰਘ 'ਤੇ ਮਾਮਲਾ ਦਰਜ ਕਰਕੇ ਨਾਇਬ ਤਹਿਸੀਲਦਾਰ ਸਮੇਤ 11 ਹੋਰਨਾਂ ਨੂੰ ਤਫ਼ਤੀਸ ਵਿਚ ਸ਼ਾਮਿਲ ਕੀਤਾ ਹੈ |