ਹਰਚੋਵਾਲ, 12 ਜੂਨ (ਭਾਮ, ਢਿੱਲੋਂ)-ਬੀਤੀ ਸ਼ਾਮ ਆਈ ਤੇਜ਼ ਹਨੇਰੀ ਤੇ ਤੂਫ਼ਾਨ ਕਾਰਨ ਹਰ ਵਰਗ ਦਾ ਬਹੁਤ ਹੀ ਭਾਰੀ ਨੁਕਸਾਨ ਹੋਇਆ ਹੈ, ਉਥੇ ਹੀ ਇਸ ਭਿਆਨਕ ਤੂਫ਼ਾਨ ਨੇ ਕਿਸਾਨਾਂ ਵਲੋਂ ਸਹਾਇਕ ਧੰਦੇ ਵਜੋਂ ਸ਼ੁਰੂ ਕੀਤੇ ਗਏ ਮੁਰਗੀ ਖਾਨੇ ਦੇ ਸ਼ੈੱਡਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਾਇਆ ਹੈ | ਇਸ ਸਬੰਧੀ ਮੁਰਗੀ ਪਾਲਣ ਦਾ ਸਹਾਇਕ ਧੰਦਾ ਕਰ ਰਹੇ ਪਿੰਡ ਭਾਮ ਦੇ ਪੀੜਤ ਕਿਸਾਨ ਗੁਰਦੇਵ ਸਿੰਘ ਪੁੱਤਰ ਸਵ: ਬਲਵੰਤ ਸਿੰਘ ਨੇ ਦੱਸਿਆ ਕਿ ਤੇਜ਼ ਹਨੇਰੀ ਤੇ ਤੂਫ਼ਾਨ ਕਾਰਨ ਉਸ ਦੇ ਮੁਰਗੀ ਖਾਨੇ ਦੇ ਸ਼ੈੱਡ ਦਾ ਭਾਰੀ ਨੁਕਸਾਨ ਹੋਇਆ | ਤੇਜ਼ ਹਨੇਰੀ ਤੇ ਤੂਫ਼ਾਨ ਉਸ ਦਾ ਮੁਰਗੀ ਖ਼ਾਨੇ ਦਾ ਸ਼ੈੱਡ ਹੀ ਉਡਾ ਕੇ ਲੈ ਗਿਆ ਹੈ, ਜਿਸ ਕਾਰਨ ਮੁਰਗੀ ਖਾਨੇ ਵਿਚ ਪਲ ਰਹੇ ਜਾਨਵਰ ਕੁਝ ਤਾਂ ਮਰ ਗਏ ਤੇ ਕੁਝ ਤੂਫ਼ਾਨ ਉਡਾ ਕੇ ਲੈ ਗਿਆ | ਪੀੜਤ ਕਿਸਾਨ ਗੁਰਦੇਵ ਸਿੰਘ ਨੇ ਦੱਸਿਆ ਕਿ ਇਸ ਭਿਆਨਕ ਤੂਫ਼ਾਨ ਨੇ ਉਸ ਦਾ ਘੱਟ ਤੋਂ ਘੱਟ 8 ਤੋਂ 9 ਲੱਖ ਦਾ ਮਾਲੀ ਨੁਕਸਾਨ ਕੀਤਾ ਹੈ | ਪੀੜਤ ਕਿਸਾਨ ਨੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਉਸ ਨੂੰ ਉਸ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਹ ਫਿਰ ਆਪਣਾ ਸਹਾਇਕ ਧੰਦਾ ਸ਼ੁਰੂ ਕਰ ਸਕੇ |