ਕਾਹਨੂੰਵਾਨ, 12 ਜੂਨ (ਨਿਸ਼ਾਨ ਸਿੰਘ ਚਾਹਲ)-ਸ਼ੁੱਕਰਵਾਰ ਦੀ ਦੇਰ ਸ਼ਾਮ ਨੂੰ ਆਏ ਤੂਫ਼ਾਨ ਦਾ ਕਹਿਰ ਜ਼ਿਲ੍ਹਾ ਗੁਰਦਾਸਪੁਰ ਅੰਦਰ ਵੱਖ-ਵੱਖ ਥਾਵਾਂ 'ਤੇ ਦੇਖਣ ਨੂੰ ਮਿਲਿਆ | ਕਈ ਥਾਵਾਂ 'ਤੇ ਸੜਕਾਂ ਉੱਪਰ ਵੱਡੇ ਦਰੱਖਤ ਡਿੱਗਣ ਕਾਰਨ ਜਿੱਥੇ ਆਵਾਜਾਈ ਪ੍ਰਭਾਵਿਤ ਹੋਈ, ਉੱਥੇ ਤੂਫ਼ਾਨ ਕਾਰਨ ਇਲਾਕੇ ਅੰਦਰ ਕਈ ਥਾਵਾਂ 'ਤੇ ਖੰਭਿਆਂ ਸਮੇਤ ਟਰਾਂਸਫ਼ਾਰਮਰ ਅਤੇ 11000 ਕੇ.ਵੀ. ਲਾਈਨਾਂ ਦੇ ਖੰਬੇ ਜ਼ਮੀਨ 'ਤੇ ਡਿੱਗਣ ਕਾਰਨ ਪਾਵਰਕਾਮ ਨੂੰ ਵੱਡੇ ਵਿੱਤੀ ਨੁਕਸਾਨ ਦਾ ਸਾਹਮਣਾ ਕਰਨਾ ਪਵੇਗਾ | ਹਾਈ ਵੋਲਟੇਜ਼ ਤਾਰਾਂ ਦੇ ਪੋਲ ਤੇ ਟਰਾਂਸਫ਼ਾਰਮਰ ਡਿੱਗਣ ਕਾਰਨ ਪੇਂਡੂ ਖੇਤਰ ਵਿਚ 24 ਘੰਟੇ ਤੇ 3 ਫੇਜ਼ ਬਿਜਲੀ ਸਪਲਾਈ ਠੱਪ ਰਹੀ | 20 ਘੰਟੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਅਦ ਵੀ 24 ਘੰਟੇ ਬਿਜਲੀ ਸਪਲਾਈ ਠੱਪ ਰਹਿਣ ਕਾਰਨ ਲੋਕ ਪੀਣ ਵਾਲੇ ਪਾਣੀ ਨੂੰ ਤਰਸਦੇ ਰਹੇ | ਘਰਾਂ ਦੇ ਇਨਵਰਟਰ ਵੀ ਜਵਾਬ ਦੇ ਗਏ | ਅੱਤ ਦੀ ਗਰਮੀ ਤੇ ਹੁੰਮਸ ਕਾਰਨ ਛੋਟੇ ਬੱਚੇ ਤੇ ਬਜ਼ੁਰਗ ਹਾਲੋਂ ਬੇਹਾਲ ਦਿਖੇ, ਹਾਲਾਂਕਿ ਤੂਫਾਨ ਤੋਂ ਬਾਅਦ ਮੀਂਹ ਪੈਣ ਕਾਰਨ ਲੋਕਾਂ ਨੂੰ ਕੁਝ ਦੇਰ ਤੱਕ ਗਰਮੀ ਤੋਂ ਰਾਹਤ ਜ਼ਰੂਰ ਮਿਲੀ, ਪਰ ਇਹ ਤੂਫ਼ਾਨ ਪਾਵਰਕਾਮ ਦਾ ਵੱਡਾ ਨੁਕਸਾਨ ਕਰ ਗਿਆ |