09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਰਜਬਾਹੇ ਵਿਚ 50 ਫੁੱਟ ਚੌੜਾ ਪਾੜ ਪੈਣ ਕਾਰਨ ਕਿਸਾਨਾਂ ਦੀ ਕਰੀਬ 150 ਏਕੜ ਜ਼ਮੀਨ ਪਾਣੀ 'ਚ ਡੁੱਬੀ

Ad Position 21
No active advertisement
ਅਜੀਤ ਡੈਸਕ 13-06-2026
ਵਡਾਲਾ ਬਾਂਗਰ, 12 ਜੂਨ (ਭੁੰਬਲੀ)-ਪੰਜਾਬ ਦੀ ਪ੍ਰਸਿੱਧ ਨਹਿਰ ਅੱਪਰਬਾਰੀ ਦੁਆਬ ਨਹਿਰ ਵਿਚੋਂ ਨਿਕਲਦੇ ਰਣੀਆਂ ਨਾਂਅ ਦਾ ਰਜਬਾਹਾ, ਜੋ ਇਸ ਇਲਾਕੇ ਦੇ ਅਨੇਕਾਂ ਪਿੰਡਾਂ ਦੀ ਜ਼ਮੀਨ ਨੂੰ ਸਿੰਚਾਈ ਲਈ ਪਾਣੀ ਦਿੰਦਾ ਹੈ, ਵਿਚ ਕੱਲ੍ਹ ਸ਼ਾਮ ਕਰੀਬ 45-50 ਫੁੱਟ ਚੌੜਾ ਪਾੜ ਪੈਣ ਕਾਰਨ ਇਸ ਦੇ ਨੇੜੇ ਪੈਂਦੇ ਪਿੰਡ ਪਨਿਆੜ, ਵਿਰਕ, ਅਠਵਾਲ, ਮੁਸਤਰਾਪੁਰ ਦਾ ਕਰੀਬ 150 ਏਕੜ ਜ਼ਮੀਨ ਦਾ ਰਕਬਾ ਇਸ ਦੇ ਪਾਣੀ ਵਿਚ ਡੁੱਬ ਗਿਆ ਹੈ | ਪਾਣੀ ਜ਼ਿਆਦਾ ਹੋਣ ਕਰਕੇ ਕਿਸਾਨਾਂ ਦੀ ਝੋਨੇ ਦੀ ਫ਼ਸਲ, ਸਬਜ਼ੀਆਂ, ਹਰਾ ਚਾਰਾ ਆਦਿ ਕਾਫ਼ੀ ਮਾਤਰਾ 'ਚ ਪ੍ਰਭਾਵਿਤ ਹੋਏ ਹਨ | ਇਹ ਰਜਬਾਹਾ ਪੱਕਾ ਹੈ ਤੇ ਇਸ ਵਿਚ ਵਰਤੇ ਘਟੀਆ ਮਟੀਰੀਅਲ ਕਾਰਨ ਇਹ ਪਾਣੀ ਦੇ ਵਹਾਅ ਨੂੰ ਚੰਗੀ ਤਰ੍ਹਾਂ ਝੱਲ ਨਹੀਂ ਸਕਿਆ, ਜਿਸ ਕਾਰਨ ਇਹ ਇਥੋਂ ਟੁੱਟ ਗਿਆ ਹੈ | ਕੁਝ ਕਿਸਾਨਾਂ ਦਾ ਕਹਿਣਾ ਹੈ ਕਿ ਮਹਿਕਮਾ ਨਹਿਰੀ ਵਿਭਾਗ 'ਚ ਰਜਬਾਹੇ ਦੀ ਪਟੜੀ ਦੇ ਨਾਲ-ਨਾਲ ਇਕ ਪੱਕਾ ਖਾਲਾ ਵੀ ਬਣਾ ਰਿਹਾ ਹੈ, ਜਿਸ ਕਾਰਨ ਰਜਬਾਹੇ ਦੀ ਪਟੜੀ ਦੀ ਮੋਟਾਈ ਘਟ ਗਈ ਹੈ ਤੇ ਜੋ ਇਸ ਦੇ ਟੁੱਟਣ ਦਾ ਕਾਰਨ ਬਣਿਆ ਹੈ | ਇਸ ਰਜਬਾਹੇ ਦਾ ਪਾਣੀ ਖੇਤਾਂ ਤੋਂ ਇਲਾਵਾ ਘਰਾਂ ਵਿਚ ਵੀ ਜਾ ਵੜਿਆ ਹੈ | ਸਰਪੰਚ ਜਗਪਾਲ ਸਿੰਘ ਮਿੰਟਾ ਪਨਿਆੜ ਸਮੇਤ ਹੋਰ ਅਨੇਕਾਂ ਕਿਸਾਨਾਂ ਦਾ ਕਹਿਣਾ ਹੈ ਕਿ ਮਹਿਕਮਾ ਨਹਿਰੀ ਵਿਭਾਗ ਇਸ ਪ੍ਰਤੀ ਸੀਰੀਅਸ ਨਹੀਂ ਹੈ ਤੇ ਜੋ ਇਸ ਦੀ ਪਟੜੀ ਨਾਲ ਖਾਲਾ ਪੱਕਾ ਕੀਤਾ ਜਾ ਰਿਹਾ ਹੈ, ਉਸ 'ਚ ਵੀ ਸਬੰਧਤ ਠੇਕੇਦਾਰ ਘਟੀਆ ਮਟੀਰੀਅਲ ਦੀ ਵਰਤੋਂ ਕਰ ਰਿਹਾ ਹੈ, ਜੋ ਜਾਂਚ ਦਾ ਵਿਸ਼ਾ ਹੈ | ਪ੍ਰਭਾਵਿਤ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਜੋ ਫ਼ਸਲ ਇਸ ਪਾਣੀ ਨਾਲ ਪ੍ਰਭਾਵਿਤ ਹੋਈਆਂ ਹਨ, ਉਨ੍ਹਾਂ ਦਾ ਕਿਸਾਨਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਠੇਕੇਦਾਰ ਵਲੋਂ ਇਸ ਰਜਬਾਹੇ ਨੂੰ ਪੱਕਿਆਂ ਕਰਨ ਵੇਲੇ ਘਟੀਆ ਮਟੀਰੀਅਲ ਦੀ ਵਰਤੋਂ ਕੀਤੀ ਗਈ ਹੈ ਤੇ ਇਸ 'ਚ ਨਹਿਰੀ ਵਿਭਾਗ ਦੇ ੳੱੁਚ ਅਫ਼ਸਰਾਂ ਦੀ ਵੀ ਮਿਲੀਭੁਗਤ ਹੈ, ਪਰ ਨਹਿਰੀ ਪਾਣੀ ਨਾਲ ਕਿਸਾਨਾਂ ਦੇ ਹੋਏ ਨੁਕਸਾਨ ਦਾ ਜ਼ਿੰਮੇਵਾਰ ਕੌਣ ਹੈ? ਜਦੋਂ ਇਸ ਸਬੰਧੀ ਨਹਿਰੀ ਵਿਭਾਗ ਦੇ ਉੱਚ ਅਫ਼ਸਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਰਜਬਾਹੇ ਵਿਚ ਕਈ ਤਰ੍ਹਾਂ ਦੀ ਜੜੀ-ਬੂਟੀ ਤੇ ਘਾਹ-ਫੂਸ ਕਾਰਨ ਇਸ ਵਿਚ ਡਾਫ਼ ਲੱਗ ਕੇ ਪਾਣੀ ਰੁਕ ਜਾਂਦਾ ਹੈ, ਜੋ ਪਟੜੀ ਦੇ ਟੁੱਟਣ ਦਾ ਕਾਰਨ ਬਣਦਾ ਹੈ | ਉਨ੍ਹਾਂ ਕਿਹਾ ਕਿ ਝੋਨੇ ਦਾ ਸੀਜ਼ਨ ਹੋਣ ਕਰਕੇ ਲੋਕਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਕਿਸਾਨਾਂ ਨੂੰ ਪਾਣੀ ਕਈ ਗੁਣਾ ਵੱਧ ਦਿੱਤਾ ਜਾ ਰਿਹਾ ਹੈ ਤੇ ਰਜਬਾਹੇ ਦੀ ਆਖਰੀ ਟੇਲ ਤੱਕ ਪਾਣੀ ਪਹੁੰਚਣ ਦੇ ਮੰਤਵ ਨਾਲ ਵੀ ਪਾਣੀ ਇਸ ਵਿਚ ਛੱਡਿਆ ਗਿਆ ਹੈ | ਉਨ੍ਹਾਂ ਕਿਹਾ ਕਿ ਰਜਬਾਹੇ ਵਿਚ ਪਏ ਪਾੜ ਵਾਲੀ ਪਟੜੀ ਦੀ ਮੁਰੰਮਤ ਦਾ ਕੰਮ 2-3 ਦਿਨਾਂ ਤੱਕ ਮੁਕੰਮਲ ਕਰ ਲਿਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਤੇਜ਼ ਹਨੇਰੀ ਝੱਖੜ ਕਾਰਨ 2 ਮੰਜ਼ਿਲਾ ਪੋਲਟਰੀ ਫਾਰਮ ਹੋਇਆ ਢਹਿ-ਢੇਰੀ ਅਗਲੀ ਖ਼ਬਰ ਮੁਕੱਦਮੇ 'ਚ ਨਾਮਜ਼ਦ ਕਰਨ ਖਿਲਾਫ਼ 16 ਨੂੰ ਥਾਣਾ ਸੇਖਵਾਂ ਅੱਗੇ ਲੱਗੇਗਾ ਧਰਨਾ-ਕਿਸਾਨ ਆਗੂ
Ad Position 24