ਡੇਰਾ ਬਾਬਾ ਨਾਨਕ, 15 ਜੂਨ (ਹੀਰਾ ਸਿੰਘ ਮਾਂਗਟ)-ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਜੋ ਅਪਰੇਸ਼ਨ ਸੰਧੂਰ ਮੌਕੇ ਭਾਰਤ-ਪਾਕਿਸਤਾਨ ਦੇ ਵਧੇ ਤਣਾਅ ਕਾਰਨ ਬੰਦ ਕਰ ਦਿੱਤਾ ਗਿਆ ਸੀ, ਇਸ ਲਾਂਘੇ ਨੂੰ ਮੁੜ ਖੁਲਵਾਉਣ ਵਾਸਤੇ ਮਰਹੂਮ ਸਵਰਗੀ ਜਥੇਦਾਰ ਕੁਲਦੀਪ ਸਿੰਘ ਵਡਾਲਾ ਦੀ ਗੁਰਦੁਆਰਾ ਕਰਤਾਰਪੁਰ ਸਾਹਿਬ ਰਾਵੀ ਦਰਸ਼ਨ ਅਭਿਲਾਖੀ ਸੰਸਥਾ ਵਲੋਂ ਜਥੇਦਾਰ ਗੁਰਿੰਦਰ ਸਿੰਘ ਬਾਜਵਾ ਤੇ ਜਸਬੀਰ ਸਿੰਘ ਜਫਰਵਾਲ ਦੀ ਅਗਵਾਈ ਹੇਠ ਡੇਰਾ ਬਾਬਾ ਨਾਨਕ ਅੰਤਰਰਾਸ਼ਟਰੀ ਸਰਹੱਦ 'ਤੇ ਬਣੀ ਦਰਸ਼ਨ ਸਥੱਲ 'ਤੇ ਖਲੋ ਕੇ ਲਾਂਘਾ ਮੁੜ ਖੋਲਣ ਲਈ ਅਰਦਾਸ ਕੀਤੀ ਗਈ | ਇਸ ਮੌਕੇ ਜਥੇਦਾਰ ਗੁਰਿੰਦਰ ਸਿੰਘ ਬਾਜਵਾ ਤੇ ਜਸਬੀਰ ਸਿੰਘ ਜਫਰਵਾਲ ਨੇ ਕਿਹਾ ਕਿ ਜਿੱਥੇ ਭਾਰਤ ਤੇ ਪਾਕਿਸਤਾਨ ਦੋਵਾਂ ਦੇਸ਼ਾਂ ਵਲੋਂ ਦੁਵੱਲੇ ਵਪਾਰ ਸ਼ੁਰੂ ਕਰ ਦਿੱਤੇ ਗਏ ਹਨ, ਵਾਹਘਾ ਸਰਹੱਦ ਰਾਹੀਂ ਪਾਕਿਸਤਾਨ ਗੁਰਧਾਮਾਂ ਦੇ ਦਰਸ਼ਨਾਂ ਕਰਨ ਵਾਸਤੇ ਜਥੇ ਭੇਜੇ ਜਾ ਰਹੇ ਹਨ, ਪਰ ਡੇਰਾ ਬਾਬਾ ਨਾਨਕ ਸਰਹੱਦ 'ਤੇ ਬਣੇ ਕਰਤਾਰਪੁਰ ਸਾਹਿਬ ਲਾਂਘੇ ਨੂੰ ਅਜੇ ਵੀ ਬੰਦ ਰੱਖਿਆ ਗਿਆ ਹੋਇਆ ਹੈ | ਉਨ੍ਹਾਂ ਭਾਰਤ-ਪਾਕਿਸਤਾਨ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਇਸ ਲਾਂਘੇ ਨੂੰ ਮੁੜ ਖੋਲਿਆ ਜਾਵੇ, ਪਾਸਪੋਰਟ ਦੀ ਸ਼ਰਤ ਨੂੰ ਖਤਮ ਕੀਤਾ ਜਾਵੇ ਤੇ 20 ਡਾਲਰ ਦੀ ਫੀਸ ਮੁਆਫ ਕੀਤੀ ਜਾਵੇ ਤਾਂ ਜੋ ਸਮੁੱਚੀਆਂ ਨਾਨਕ ਨਾਮ ਲੇਵਾ ਸੰਗਤਾਂ ਆਪਣੇ ਇਸ ਵਿਛੜੇ ਗੁਰਧਾਮ ਦੇ ਖੁੱਲੇ ਦਰਸ਼ਨ ਦੀਦਾਰੇ ਕਰ ਸਕਣ | ਇਸ ਮੌਕੇ ਨਰਾਇਣ ਸਿੰਘ ਚੌੜਾ, ਬਾਬਾ ਗੁਰਮੇਜ ਸਿੰਘ ਦਾਬਾਂਵਾਲ, ਜਤਿੰਦਰ ਸਿੰਘ ਦਾਬਾਂਵਾਲ, ਨਿਰਮਲ ਸਿੰਘ ਸਾਗਰਪੁਰ, ਨਿਰਮਲ ਸਿੰਘ ਦਾਬਾਂਵਾਲ, ਹਰਭਜਨ ਸਿੰਘ ਰਤੜਵਾਂ, ਜਗਮੋਹਨ ਸਿੰਘ, ਸਤਨਾਮ ਸਿੰਘ, ਜਸਵੰਤ ਸਿੰਘ ਜਫਰਵਾਲ, ਸੁਲੱਖਣ ਸਿੰਘ ਜਫਰਵਾਲ, ਤਰਸੇਮ ਸਿੰਘ ਜਫਰਵਾਲ, ਗੁਰਮੀਤ ਸਿੰਘ, ਭੋਲਾ ਸਿੰਘ, ਜਗਮੋਹਨ ਸਿੰਘ ਜਫਰਵਾਲ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |