ਗੁਰਦਾਸਪੁਰ, 15 ਜੂਨ (ਅਸ਼ੋਕ ਸ਼ਰਮਾ)-ਬੀਤੀ 13 ਜੂਨ ਨੰੂ ਗੁਰਦਾਸਪੁਰ ਵਿਖੇ ਹੋਈਆਂ ਨਗਰ ਕੌਂਸਲ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਨਿਰਾਸ਼ਾਜਨਕ ਹਾਰ ਤੋਂ ਬਾਅਦ ਵਿਰੋਧੀ ਸੁਰਾਂ ਦਾ ਬੋਲਬਾਲਾ ਸ਼ੁਰੂ ਹੋ ਗਿਆ ਹੈ | ਇਸ ਹਾਰ ਨਾਲ ਪਾਰਟੀ ਦੇ ਆਗੂਆਂ ਵਲੋਂ ਹੀ ਹਲਕਾ ਇੰਚਾਰਜ ਰਮਨ ਬਹਿਲ 'ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ | ਇਸ ਸਬੰਧੀ 'ਆਪ' ਦੇ ਸੀਨੀਅਰ ਆਗੂ ਤੇ ਡਾਇਰੈਕਟਰ ਪੰਜਾਬ ਸਟੇਟ ਇੰਡਸਟਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ ਕਸ਼ਮੀਰ ਸਿੰਘ ਵਾਹਲਾ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ 2022 ਤੋਂ ਗੁਰਦਾਸਪੁਰ ਦੀ ਸੀਟ ਦੀ ਦਾਅਵੇਦਾਰੀ ਜਤਾ ਰਹੇ ਸਨ ਤੇ 2027 ਦੀਆਂ ਚੋਣਾਂ 'ਚ ਵੀ ਦਾਅਵੇਦਾਰੀ ਪੇਸ਼ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਗੁਰਦਾਸਪੁਰ ਸ਼ਹਿਰ ਅੰਦਰ ਨਗਰ ਕੌਂਸਲ ਦੀਆਂ ਚੋਣਾਂ 'ਚ ਹੋਈ ਨਮੋਸ਼ੀਜਨਕ ਹਾਰ ਸਬੰਧੀ ਹਾਈ ਕਮਾਂਡ ਨੰੂ ਲਿਖ ਕੇ ਭੇਜ ਦਿੱਤਾ ਤੇ ਇਸ ਦਾ ਫ਼ੈਸਲਾ ਕੁਝ ਹੀ ਦਿਨਾਂ ਅੰਦਰ ਲੋਕਾਂ ਦੇ ਸਾਹਮਣੇ ਹੋਵੇਗਾ | ਉਨ੍ਹਾਂ ਕਿਹਾ ਕਿ ਆਪ ਦੇ ਲੀਡਰ ਹਮੇਸ਼ਾ ਵਰਕਰਾਂ ਤੇ ਆਗੂਆਂ ਨਾਲ ਵਿਤਕਰੇ ਦੀ ਭਾਵਨਾ ਨਾਲ ਪੇਸ਼ ਆਏ ਹਨ | ਜਦੋਂ ਕਿ ਹਾਰ ਦਾ ਨਤੀਜਾ ਸ਼ਹਿਰ ਵਾਸੀਆਂ ਦੇ ਕੰਮਾਂ ਨੰੂ ਅੱਖੋਂ ਪਰੋਖੇ ਕਰਨਾ ਵੀ ਹੈ | ਜਿਸ ਕਰਕੇ ਇਨ੍ਹਾਂ ਚੋਣਾਂ ਵਿਚ ਸ਼ਹਿਰ ਵਾਸੀਆਂ ਵਲੋਂ 'ਆਪ' ਦੇ ਉਮੀਦਵਾਰਾਂ ਨੰੂ ਬੁਰੀ ਤਰ੍ਹਾਂ ਨਕਾਰਿਆ ਹੈ, ਜਿਸ ਦਾ ਅਸਰ ਪਾਰਟੀ 'ਤੇ ਪਿਆ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸ਼ਹਿਰ ਅੰਦਰ ਵਿਕਾਸ ਕਾਰਜਾਂ ਦੀ ਕੋਈ ਕਸਰ ਨਹੀਂ ਛੱਡੀ ਅਤੇ ਇੰਨੇ ਕੰਮ ਪਹਿਲਾਂ ਹੋਰ ਕਿਸੇ ਪਾਰਟੀਆਂ ਨੇ ਨਹੀਂ ਕੀਤੇ, ਜਿੰਨੇ ਕੰਮ ਆਮ ਆਦਮੀ ਪਾਰਟੀ ਦੇ ਅਰਸੇ ਦੌਰਾਨ ਹੋਏ ਹਨ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ਹਿਰ ਦੇ ਬੁਨਿਆਦੀ ਢਾਂਚੇ ਨੰੂ ਮਜ਼ਬੂਤ ਕਰਨ, ਬਿਜਲੀ, ਪਾਣੀ, ਸੜਕਾਂ, ਸਕੂਲ ਸਿੱਖਿਆ, ਸਿਹਤ ਸਮੇਤ ਹੋਰ ਵੱਖ-ਵੱਖ ਸਹੂਲਤਾਂ ਸ਼ਹਿਰ ਵਾਸੀਆਂ ਨੰੂ ਦਿੱਤੀਆਂ ਹਨ | ਉਨ੍ਹਾਂ ਕਿਹਾ ਕਿ ਆਗਾਮੀ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਇਕ ਮਜ਼ਬੂਤ ਦਾਅਵੇਦਾਰ ਦੀ ਲੋੜ ਹੈ ਜੋ ਵਿਰੋਧੀ ਪਾਰਟੀ ਨੰੂ ਟੱਕਰ ਦੇ ਸਕੇ | ਉਨ੍ਹਾਂ ਜ਼ਿਕਰ ਕੀਤਾ ਕਿ 2022 ਦੀਆਂ ਚੋਣਾਂ ਦੌਰਾਨ ਅਰਵਿੰਦ ਕੇਜਰੀਵਾਲ ਨੰੂ ਮਿਲੇ ਸਨ, ਜਿਨ੍ਹਾਂ ਨੇ ਭਰੋਸਾ ਦਿੱਤਾ ਸੀ ਕਿ ਗੁਰਦਾਸਪੁਰ ਨੰੂ ਜਿਹੜਾ ਲੀਡਰ ਦਿੱਤਾ ਗਿਆ ਹੈ, ਉਸ ਦੀ ਡਟ ਕੇ ਮਦਦ ਕੀਤੀ ਜਾਵੇ | ਪਰ ਲੀਡਰ ਦੀ ਮਦਦ ਕਰਨ ਦੇ ਬਾਵਜੂਦ ਵੀ ਸਾਰਥਿਕ ਨਤੀਜੇ ਸਾਹਮਣੇ ਨਹੀਂ ਆਏ |