ਗੁਰਦਾਸਪੁਰ, 15 ਜੂਨ (ਅਸ਼ੋਕ ਸ਼ਰਮਾ)-ਪਿਛਲੇ ਦਿਨੀਂ ਚੱਲੀ ਤੇਜ਼ ਹਨੇਰੀ ਤੂਫ਼ਾਨ ਨਾਲ ਪਾਵਰਕਾਮ ਗੁਰਦਾਸਪੁਰ ਦੀ 66 ਹਜ਼ਾਰ ਕੇ.ਵੀ ਲਾਈਨ ਦਾ ਟਾਵਰ ਟੁੱਟਣ ਨਾਲ 10 ਹਜ਼ਾਰ ਤੋਂ ਵੱਧ ਖੇਤਾਂ ਦੇ ਟਿਊਬਵੈੱਲ ਬੰਦ ਪਏ ਹਨ, ਜਿਸ ਨਾਲ ਝੋਨੇ ਤੇ ਹੋਰ ਰਵਾਇਤੀ ਫ਼ਸਲਾਂ ਸੁੱਕ ਕੇ ਖ਼ਰਾਬ ਹੋ ਰਹੀਆਂ ਹਨ | ਜਿਸ ਕਰਕੇ ਕਿਸਾਨਾਂ ਦਾ ਪਾਵਰਕਾਮ ਦੇ ਉੱਚ ਅਧਿਕਾਰੀਆਂ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਸਬੰਧੀ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਤੇਜ਼ ਹਨੇਰੀ ਨਾਲ ਜਿਥੇ ਪਾਵਰਕਾਮ ਦਾ ਕਾਫ਼ੀ ਨੁਕਸਾਨ ਹੋਇਆ ਹੈ, ਉਥੇ ਏ.ਪੀ ਫੀਡਰ ਬੰਦ ਪਏ ਹਨ ਜੋ ਨਾ ਚੱਲਣ ਕਾਰਨ ਫ਼ਸਲਾਂ ਕਾਫ਼ੀ ਪ੍ਰਭਾਵਿਤ ਹੋ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਜਿਨ੍ਹਾਂ ਸਬ ਡਵੀਜ਼ਨ ਦੀ ਬਿਜਲੀ ਖ਼ਰਾਬ ਪਈ ਹੈ, ਉਸ ਵਿਚ ਪੁਰਾਣਾ ਸ਼ਾਲਾ 66 ਕੇ.ਵੀ, ਪੰਡੋਰੀ ਮਹੰਤਾਂ, ਰਣਜੀਤ ਬਾਗ਼ ਤੋਂ ਇਲਾਵਾ ਹੋਰ ਦਿਹਾਤੀ ਖੇਤਰ ਦੇ 66 ਕੇ.ਵੀ ਫੀਡਰ ਸ਼ਾਮਿਲ ਹਲ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਬਿਜਲੀ 8 ਘੰਟੇ ਨਿਰੰਤਰ ਕਿਸਾਨਾਂ ਨੰੂ ਦੇਣ ਦਾ ਐਲਾਨ ਕੀਤਾ ਸੀ | ਪਰ ਸਰਹੱਦੀ ਖੇਤਰ ਅੰਦਰ 11 ਹਜ਼ਾਰ ਕੇ.ਵੀ ਟਾਵਰ ਦੀ ਪੰਜ ਦਿਨ ਬੀਤਣ ਦੇ ਬਾਅਦ ਵੀ ਮੁਰੰਮਤ ਨਹੀਂ ਹੋਈ ਅਤੇ ਇਸ ਨਾਲ ਵਿਭਾਗ 'ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ | ਉਨ੍ਹਾਂ ਦੱਸਿਆ ਕਿ ਬਿਜਲੀ ਬੋਰਡ ਦੇ ਸਟਾਫ਼ ਦੀ ਘਾਟ ਕਾਰਨ ਇਹ ਕੰਮ ਪੰਜ ਦਿਨ ਅੰਦਰ ਮੁਕੰਮਲ ਨਹੀਂ ਹੋ ਸਕਿਆ, ਜਿਸ ਕਰਕੇ ਕਿਸਾਨ ਕਾਫ਼ੀ ਦੁਖੀ ਹਨ | ਜਦੋਂ ਕਿ ਝੋਨੇ ਦੀ ਪਨੀਰੀ ਤੇ ਪਸ਼ੂਆਂ ਦਾ ਚਾਰਾ ਵੀ ਸੜ ਰਿਹਾ ਹੈ | ਉਨ੍ਹਾਂ ਦੱਸਿਆ ਕਿ ਪਾਵਰਕਾਮ ਨੇ ਜਦੋਂ ਤੋਂ ਠੇਕੇਦਾਰੀ ਸਿਸਟਮ ਚਾਲੂ ਕੀਤਾ ਹੈ, ਉਦੋਂ ਤੋਂ ਹੀ ਪਿੰਡਾਂ ਤੇ ਸ਼ਹਿਰਾਂ ਅੰਦਰ ਕਈ ਕਈ ਦਿਨ ਬਿਜਲੀ ਬੰਦ ਰਹਿੰਦੀ ਹੈ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਗੁਰਦਾਸਪੁਰ ਜ਼ਿਲ੍ਹੇ ਅੰਦਰ 66 ਹਜ਼ਾਰ ਕੇ.ਵੀ ਟਾਵਰ ਦੀ ਫ਼ੌਰੀ ਮੁਰੰਮਤ ਕਰਵਾ ਕੇ ਟਿਊਬਵੈੱਲਾਂ ਦੀ ਬਿਜਲੀ ਚਲਾਈ ਜਾਵੇ, ਜਿਸ ਨਾਲ ਕਿਸਾਨਾਂ ਦੀ ਪ੍ਰੇਸ਼ਾਨੀ ਦੂਰ ਹੋ ਸਕੇ |