ਕੋਟਲੀ ਸੂਰਤ ਮੱਲੀ, 19 ਜੂਨ (ਕੁਲਦੀਪ ਸਿੰਘ ਨਾਗਰਾ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੀ ਸਬ-ਡਵੀਜ਼ਨ ਕੋਟਲੀ ਸੂਰਤ ਮੱਲ੍ਹੀ ਅਧੀਨ ਆਉਂਦੇ ਪਿੰਡ ਦੋਲੋਵਾਲ ਤੇ ਲੁਕਮਾਨੀਆਂ ’ਚ ਬੀਤੀ ਰਾਤ ਅਣਪਛਾਤੇੇ ਵਿਅਕਤੀਆਂ ਵਲੋਂ ਟਰਾਂਸਫਾਰਮਰਾਂ ’ਚੋਂ ਤੇਲ ਚੋਰੀ ਕਰਨ ਕਰਕੇ ਕਈ ਕਿਸਾਨਾਂ ਦੀਆਂ ਟਿਊਬਵੈੱਲ ਮੋਟਰਾਂ ਦੀ ਬਿਜਲੀ ਸਪਲਾਈ ਗੁੱਲ ਹੋ ਗਈ ਹੈ, ਜਿਸ ਕਰਕੇ ਕਿਸਾਨਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਕਿਸਾਨ ਪ੍ਰਭਦੀਪ ਸਿੰਘ ਢਿੱਲੋਂ ਤੇ ਬਲਜੀਤ ਸਿੰਘ ਦੋਲੋਵਾਲ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦੇ ਖੇਤਾਂ ’ਚ ਲੱਗੇ ਬਲਜੀਤ ਸਿੰਘ ਨਾਂਅ ਦੇ 63 ਕੇ.ਵੀ.ਏ. ਟਰਾਂਸਫਾਰਮਰ ਵਿਚੋਂ ਅਣਪਛਾਤੇ ਵਿਅਕਤੀਆਂ ਵਲੋਂ ਤੇਲ ਚੋਰੀ ਕਰਨ ਕਰਕੇ ਉਨ੍ਹਾਂ ਦੀਆਂ ਟਿਊਬਵੈੱਲ ਮੋਟਰਾਂ ਦੀ ਬਿਜਲੀ ਸਪਲਾਈ ਬੰਦ ਹੋ ਗਈ ਹੈ, ਜਿਸ ਕਰਕੇ ਉਨ੍ਹਾਂ ਨੂੰ ਨਵੇਂ ਟਰਾਂਸਫਾਰਮਰ ਲਗਾਉਣ ਲਈ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦੋਂ ਕਿ ਇਸੇ ਤਰਾਂ ਕਿਸਾਨ ਗੁਰਪ੍ਰੀਤ ਸਿੰਘ ਦੋਲੋਵਾਲ ਤੇ ਹਰਬੰਸ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਖੇਤਾ ਵਿਚ ਲੱਗੇ ਹਰਬੰਸ ਸਿੰਘ ਨਾਂਅ ਦੇ 63 ਕੇ.ਵੀ.ਏ. ਟਰਾਂਸਫਾਰਮਰ ਵਿਚੋਂ ਤੇਲ ਚੋਰੀ ਹੋ ਗਿਆ ਹੈ। ਕਿਸਾਨਾਂ ਨੇ ਦੱਸਿਆਂ ਕਿ ਅਜੇ ਉਨ੍ਹਾਂ ਦਾ 2 ਦਿਨ ਪਹਿਲਾਂ ਹੀ ਨਵਾਂ ਟਰਾਂਸਫਾਰਮਰ ਲਗਾਇਆ ਗਿਆ ਸੀ ਤੇ ਤੇਲ ਚੋਰੀ ਹੋ ਗਿਆ ਹੈ, ਜਿਸ ਕਰਕੇ ਉਹ ਬਹੁਤ ਪ੍ਰੇਸ਼ਾਨ ਹਨ। ਇਸੇ ਤਰ੍ਹਾਂ ਕਿਸਾਨ ਜੰਗ ਬਹਾਦਰ ਸਿੰਘ ਵਾਸੀ ਲੁਕਮਾਨੀਆਂ ਨੇ ਦੱਸਿਆ ਕਿ ਉਸ ਦੇ ਖੇਤਾਂ ਵਿਚ ਲੱਗੇ ਟਰਾਂਸਫਾਰਮਰ ਵਿਚੋਂ ਤੇਲ ਚੋਰੀ ਹੋ ਗਿਆ ਹੈ, ਜਿਸ ਕਰਕੇ ਟਰਾਂਸਫਾਰਮਰ ਸੜ੍ਹ ਗਿਆ ਹੈ ਤੇ ਝੋਨੇ ਦੀ ਫ਼ਸਲ ਦਾ ਨੁਕਸਾਨ ਹੋ ਰਿਹਾ ਹੈ। ਇਲਾਕੇ ਦੇ ਕਿਸਾਨਾਂ ਨੇ ਉੱਚ ਪੁਲਿਸ ਅਧਿਕਾਰੀਆਂ ਕੋਲੋ ਮੰਗ ਕੀਤੀ ਕਿ ਇਲਾਕੇ ’ਚੋਂ ਅਜਿਹੇ ਮਾੜੇ ਅਨਸਰਾਂ ਨੂੰ ਨਕੇਲ ਪਾਉਣ ਲਈ ਪੁਲਿਸ ਦੀ ਗਸ਼ਤ ਵਧਾਈ ਜਾਵੇ ਤਾਂ ਨਿੱਤ ਹੋ ਰਹੀਆਂ ਚੋਰੀਆਂ ਤੋਂ ਲੋਕਾਂ ਨੂੰ ਨਿਜ਼ਾਤ ਮਿਲ ਸਕੇ।