ਬਟਾਲਾ, 20 ਜੂਨ (ਸਤਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਤਿੱਖਾ ਬਿਆਨ ਜਾਰੀ ਕਰਦਿਆਂ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਆਗੂਆਂ ਵਲੋਂ ਪੰਜਾਬ, ਪੰਜਾਬੀਅਤ ਅਤੇ ਸਿੱਖ ਮਰਿਯਾਦਾ ਦੇ ਕੀਤੇ ਗਏ ਘੋਰ ਅਪਮਾਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਉਨ੍ਹਾਂ ਆਖਿਆ ਕਿ ਇਹ ਦੋਵੇਂ ਰਾਸ਼ਟਰੀ ਪਾਰਟੀਆਂ ਪੰਜਾਬ ਦੇ ਲੋਕਾਂ ਅਤੇ ਸਿੱਖ ਜਜ਼ਬਾਤਾਂ ਨੂੰ ਠੇਸ ਪਹੁੰਚਾਉਣ ਦਾ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦਿੰਦੀਆਂ, ਜੋ ਕਿ ਇਨ੍ਹਾਂ ਦੀ ਪੰਜਾਬ ਵਿਰੋਧੀ ਮਾਨਸਿਕਤਾ ਨੂੰ ਸਾਫ਼ ਦਰਸਾਉਂਦਾ ਹੈ। ਸ: ਪੀਰ ਮੁਹੰਮਦ ਨੇ ਭਾਰਤੀ ਜਨਤਾ ਪਾਰਟੀ ਚੰਡੀਗੜ੍ਹ ਯੂਨਿਟ ਦੇ ਪ੍ਰਧਾਨ ਜਤਿੰਦਰਪਾਲ ਵਲੋਂ ਪੰਜਾਬੀਆਂ ਖਿਲਾਫ ਵਰਤੀ ਗਈ ਭਾਸ਼ਾ ’ਤੇ ਗੰਭੀਰ ਇਤਰਾਜ਼ ਜਤਾਇਆ। ਉਨ੍ਹਾਂ ਕਿਹਾ ਕਿ ਭਾਜਪਾ ਪ੍ਰਧਾਨ ਜਤਿੰਦਰਪਾਲ ਵਲੋਂ ਦੇਸ਼ ਦੇ ਅਣਖੀਲੇ ਅਤੇ ਦੇਸ਼ ਭਗਤ ਪੰਜਾਬੀਆਂ ਨੂੰ ਜਜ਼ਬਾਤੀ ਮੂਰਖ ਕਹਿਣਾ ਸਮੁੱਚੇ ਪੰਜਾਬ ਅਤੇ ਗੁਰੂਆਂ ਦੀ ਇਸ ਪਵਿੱਤਰ ਧਰਤੀ ਦਾ ਵੱਡਾ ਅਪਮਾਨ ਹੈ। ਪੰਜਾਬੀਆਂ ਨੇ ਦੇਸ਼ ਦੀ ਆਜ਼ਾਦੀ, ਅੰਨ ਭੰਡਾਰ ਭਰਨ ਅਤੇ ਸਰਹੱਦਾਂ ਦੀ ਰਾਖੀ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਇਸ ਮੰਦਭਾਗੀ ਟਿੱਪਣੀ ਲਈ ਜ਼ਿੰਮੇਵਾਰ ਚੰਡੀਗੜ੍ਹ ਭਾਜਪਾ ਪ੍ਰਧਾਨ ਜਤਿੰਦਰਪਾਲ ਤੋਂ ਤੁਰੰਤ ਅਸਤੀਫਾ ਲਿਆ ਜਾਵੇ ਅਤੇ ਭਾਜਪਾ ਦੀ ਆਲ੍ਹਾ ਕਮਾਨ ਸਮੁੱਚੇ ਪੰਜਾਬੀਆਂ ਕੋਲੋਂ ਜਨਤਕ ਤੌਰ ’ਤੇ ਨਿਮਰਤਾ ਸਹਿਤ ਮੁਆਫੀ ਮੰਗੇ। ਸ: ਪੀਰ ਮੁਹੰਮਦ ਨੇ ਕਾਂਗਰਸ ਪਾਰਟੀ ਨੂੰ ਵੀ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਸਿੱਖ ਇਤਿਹਾਸ ਗਵਾਹ ਹੈ ਕਿ ਕਾਂਗਰਸ ਦਾ ਰਿਕਾਰਡ ਹਮੇਸ਼ਾ ਹੀ ਸਿੱਖ ਭਾਵਨਾਵਾਂ ਨੂੰ ਲਤਾੜਨ ਦਾ ਰਿਹਾ ਹੈ। ਉਤਰਾਖੰਡ ਦੇ ਕਾਂਗਰਸੀ ਆਗੂ ਧੀਰੇਂਦਰ ਪ੍ਰਤਾਪ ਵਲੋਂ ਦਿੱਤਾ ਗਿਆ ਤਾਜ਼ਾ ਵਿਵਾਦਤ ਬਿਆਨ ਇਸੇ ਸੋਚੀ-ਸਮਝੀ ਕੜੀ ਦਾ ਹਿੱਸਾ ਹੈ। ਕਾਂਗਰਸੀ ਆਗੂ ਵਲੋਂ ਆਪਣੀ ਪਾਰਟੀ ਦੇ ਪੰਜ ਸਿਆਸੀ ਆਗੂਆਂ ਦੀ ਤੁਲਨਾ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਜੇ ਹੋਏ ਪਵਿੱਤਰ ‘ਪੰਜ ਪਿਆਰਿਆਂ’ ਨਾਲ ਕਰਨਾ ਸਿੱਖ ਸਿਧਾਂਤਾਂ ਦੀ ਘੋਰ ਉਲੰਘਣਾ ਹੈ। ਪੰਜ ਪਿਆਰਿਆਂ ਦਾ ਰੁਤਬਾ ਸਿੱਖ ਕੌਮ ਵਿੱਚ ਸਰਵਉੱਚ ਹੈ ਅਤੇ ਇਸ ਦੀ ਤੁਲਨਾ ਕਿਸੇ ਵੀ ਦੁਨਿਆਵੀ ਆਗੂ ਨਾਲ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਮੰਗ ਕੀਤੀ ਕਿ ਕਾਂਗਰਸ ਪ੍ਰਧਾਨ ਤੁਰੰਤ ਪੂਰੀ ਸਿੱਖ ਕੌਮ ਤੋਂ ਮੁਆਫੀ ਮੰਗਣ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਆਗੂ ਧੀਰੇਂਦਰ ਪ੍ਰਤਾਪ ਨੂੰ ਬਿਨਾਂ ਕਿਸੇ ਦੇਰੀ ਦੇ ਪਾਰਟੀ ਵਿਚੋਂ ਤੁਰੰਤ ਬਾਹਰ ਕੱਢਿਆ ਜਾਵੇ। ਅਕਾਲੀ ਆਗੂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਪੰਜਾਬ ਦੇ ਲੋਕ ਅਤੇ ਸਮੁੱਚੀ ਸਿੱਖ ਕੌਮ ਆਪਣੇ ਸਨਮਾਨ, ਅਣਖ ਅਤੇ ਗੁਰੂ ਸਾਹਿਬਾਨ ਵੱਲੋਂ ਬਖਸ਼ੀ ਮਰਿਯਾਦਾ ਨਾਲ ਕਿਸੇ ਵੀ ਤਰ੍ਹਾਂ ਦਾ ਖਿਲਵਾੜ ਬਰਦਾਸ਼ਤ ਨਹੀਂ ਕਰ ਸਕਦੀ। ਜੇਕਰ ਭਾਜਪਾ ਅਤੇ ਕਾਂਗਰਸ ਦੋਵਾਂ ਨੇ ਇਸ ਮਾਮਲੇ ’ਤੇ ਤੁਰੰਤ ਠੋਸ ਕਾਰਵਾਈ ਨਾ ਕੀਤੀ ਤਾਂ ਦੇਸ਼-ਵਿਦੇਸ਼ ਵਿਚ ਵੱਸਦੇ ਪੰਜਾਬੀ ਅਤੇ ਸਿੱਖ ਸੰਗਤਾਂ ਇਸ ਅਪਮਾਨ ਦਾ ਸਿਆਸੀ ਅਤੇ ਸਮਾਜਿਕ ਤੌਰ ’ਤੇ ਮੂੰਹ ਤੋੜਵਾਂ ਜਵਾਬ ਦੇਣਗੇ। ਇਸ ਮੌਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜਨਰਲ ਸਕੱਤਰ ਤੇ ਸਮਾਜ ਸੇਵੀ ਆਗੂ ਭਾਈ ਗਗਨਦੀਪ ਸਿੰਘ ਰਿਆੜ, ਭਾਈ ਗੁਰਮੁੱਖ ਸਿੰਘ ਸੰਧੂ, ਡਾ. ਕਾਰਜ ਸਿੰਘ, ਸੁਖਵਿੰਦਰ ਸਿੰਘ ਦੀਨਾਨਗਰ, ਕੰਵਲਜੀਤ ਸਿੰਘ ਗੁਰਦਾਸਪੁਰ, ਅਮਨਦੀਪ ਸਿੰਘ ਰਿਆੜ ਹਾਜ਼ਰ ਸਨ।