ਗੁਰਦਾਸਪੁਰ, 20 ਜੂਨ (ਅਸ਼ੋਕ ਸ਼ਰਮਾ)-ਗੁਰਦਾਸਪੁਰ-ਮੁਕੇਰੀਆਂ ਸੜਕ ਨਾਲ ਵਗਦੀ ਨਹਿਰ ਅਪਰਬਰੀ ਦੁਆਬ ਅਤੇ ਕਸੂਰ ਬਰਾਂਚ ਵਿਖੇ ਦੋਵਾਂ ਨਹਿਰਾਂ ’ਤੇ ਵੱਖ-ਵੱਖ ਪੁਲ ਬਣੇ ਹੋਏ ਸਨ ਅਤੇ 2005 ਵਿਚ ਇਹ ਦੋਵੇਂ ਪੁਲ ਹੇਠਾਂ ਧੱਸ ਗਏ ਸੀ ਅਤੇ ਬਾਅਦ ਵਿਚ ਲੋਕ ਨਿਰਮਾਣ ਵਿਭਾਗ ਵਲੋਂ ਦੋਵਾਂ ਨਹਿਰਾਂ ’ਤੇ ਇਕ ਹੀ ਪੁਲ 2007 ਵਿਚ ਨਵਾਂ ਬਣਾ ਕੇ ਮੁਕੰਮਲ ਕੀਤਾ ਸੀ। ਉਸ ਵੇਲੇ ਲੋਕਾਂ ਦੀ ਸਹੂਲਤ ਵਾਸਤੇ ਆਰਮੀ ਵਲੋਂ ਲੋਕ ਨਿਰਮਾਣ ਵਿਭਾਗ ਦੇ ਸਹਿਯੋਗ ਨਾਲ ਲੋਹੇ ਦਾ ਆਰਜੀ ਪੁਲ ਰੱਖਿਆਸੀ, ਜਿਸ ਨਾਲ ਛੋਟੇ ਵਾਹਨਾਂ ਦੀ ਆਵਾਜਾਈ ਸ਼ੁਰੂ ਹੋ ਗਈ ਸੀ। ਬਾਅਦ ਵਿਚ ਦੋਵਾਂ ਨਹਿਰਾਂ ’ਤੇ ਇਕ ਪੁਲ ਬਣਨ ਨਾਲ ਇਸ ਪੁਲ ਦੀ ਆਵਾਜਾਈ ਘੱਟ ਗਈ ਸੀ ਅਤੇ ਇਸ ਦਾ ਰੱਖ ਰਖਾਓ ਵੀ ਘੱਟ ਗਿਆ ਸੀ। ਮੌਜੂਦਾ ਸਮੇਂ ਵਿਚ ਇਸ ਲੋਹੇ ਦੇ ਪੁਲ ਦੀਆਂ ਪਲੇਟਾਂ ਕਈ ਜਗਾ ਤੋਂ ਟੁਟ ਭੱਜ ਗਈਆਂ ਹਨ ਅਤੇ ਕੁਝ ਚੋਰੀ ਹੋ ਗਈਆਂ ਹਨ। ਹੁਣ ਪੁਲ ਉਪਰ ਲੱਗੀਆਂ ਲੋਹੇ ਦੀਆਂ ਪਲੇਟਾਂ ਲੋਕ ਚੋਰੀ ਕਰਕੇ ਲੈ ਗਏ ਹਨ ਅਤੇ ਪੁਲ ਦੀ ਛੱਤ ਨੰਗੀ ਹੋਈ ਪਈ ਹੈ। ਜਦੋਂ ਲੋਕ ਪੁਲ ਤੋਂ ਲੰਘਦੇ ਹਨ ਤਾਂ ਇਹ ਲੋਹੇ ਦੇ ਗਾਰਡਰਾਂ ਵਿਚ ਫਸ ਕੇ ਸੱਟਾਂ ਆਦਿ ਲਗਵਾ ਬੈਠਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਾਬਾ ਬੂਟਾ ਸਿੰਘ ਨੇ ਦੱਸਿਆ ਕਿ ਇਸ ਪੁਲ ਤੋਂ ਨਾਲ ਲੱਗਦੇ ਪਿੰਡਾਂ ਗੁੰਝੀਆਂ, ਤਿੱਬੜ ਆਦਿ ਨੂੰ ਜਾਣ ਵਾਲੇ ਰਸਤੇ ਦੀ ਕਾਫ਼ੀ ਆਵਾਜਾਈ ਤੋਂ ਇਲਾਵਾ ਪੁਲ ਤਿੱਬੜੀ ਦੇ ਗੁਰਦੁਆਰਾ ਸਾਹਿਬ ਦੀ ਸੰਗਤ ਵੀ ਸ਼ਾਮ-ਸਵੇਰੇ ਜਾਂਦੀ ਹੈ ਅਤੇ ਉਨ੍ਹਾਂ ਨੂੰ ਵੀ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਇਹ ਮਾਮਲਾ ਲੋਕ ਨਿਰਮਾਣ ਵਿਭਾਗ ਦੇ ਧਿਆਨ ਹਿਤ ਵੀ ਲਿਆਂਦਾ ਗਿਆ ਸੀ ਅਤੇ ਉਹ ਵੀ ਪੁਲ ਦੀ ਮੁਰੰਮਤ ਵੱਲ ਕੋਈ ਧਿਆਨ ਨਹੀਂ ਦੇ ਰਹੇ ਜਿਸ ਕਰਕੇ ਇਲਾਕੇ ਦੇ ਲੋਕਾਂ ਦਾ ਮਹਿਕਮੇ ਪ੍ਰਤੀ ਭਾਰੀ ਰੋਸ ਹੈ। ਉਨ੍ਹਾਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਪਾਸੋਂ ਮੰਗ ਕੀਤੀ ਕਿ ਲੋਹੇ ਦੇ ਪੁਲ ਦੀ ਮੁਰੰਮਤ ਵਾਸਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਜਾਣ ਜਿਸ ਨਾਲ ਲੋਕਾਂ ਦਾ ਨੁਕਸਾਨ ਹੋਣ ਤੋਂ ਬਚਾਅ ਹੋ ਸਕੇ।