ਗੁਰਦਾਸਪੁਰ, 25 ਜੂਨ (ਅਸ਼ੋਕ ਸ਼ਰਮਾ)-ਪੰਜਾਬ ਸਰਕਾਰ ਵਲੋਂ ਸੈਰ ਸਪਾਟਾ ਨੂੰ ਉਤਸ਼ਾਹਿਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਬ ਡਵੀਜ਼ਨ ਨਹਿਰੀ ਪੁਲ ਤਿੱਬੜੀ ਵਿਖੇ ਤਿੰਨ ਸਾਲ ਪਹਿਲਾਂ ਅੰਮ੍ਰਿਤ ਸਰੋਵਰ ਦੀ ਸ਼ੁਰੂਆਤ ਕਰਵਾਈ ਸੀ ਅਤੇ ਜ਼ਿਆਦਾ ਬੀਤ ਜਾਣ ਤੋਂ ਬਾਅਦ ਵੀ ਪ੍ਰਸ਼ਾਸਨ ਦੀ ਲਾਪਰਵਾਹੀ ਨਾਲ ਸਰੋਵਰ ਦਾ ਕੰਮ ਸਿਰੇ ਨਹੀਂ ਚੜ੍ਹ ਸਕਿਆ। ਜਿਸ ਕਰਕੇ ਸਬੰਧਿਤ ਵਿਭਾਗ, ਜ਼ਿਲ੍ਹਾ ਪ੍ਰਸ਼ਾਸਨ ’ਤੇ ਕਈ ਸਵਾਲੀਆ ਚਿੰਨ੍ਹ ਲੱਗ ਰਹੇ ਹਨ। ਇਸ ਸਬੰਧੀ ਵੱਖ ਵੱਖ ਸਮਾਜ ਸੇਵੀ ਜਥੇਬੰਦੀਆਂ, ਪੰਚਾਂ, ਸਰਪੰਚਾਂ ਨੇ ਦੱਸਿਆ ਕਿ ਗਰਮੀਆਂ ਵਿਚ ਪੁਲ ਤਿੱਬੜੀ ਨਹਿਰ ’ਤੇ ਲੋਕ ਸੈਰ ਸਪਾਟਾ ਕਰਨ ਲਈ ਆਉਂਦੇ ਹਨ ਅਤੇ ਨਹਿਰਾਂ ਵਿਚ ਨਹਾਉਣ ਸਮੇਂ ਆਪਣਾ ਜਾਨੀ ਮਾਲੀ ਨੁਕਸਾਨ ਕਰਵਾ ਲੈਂਦੇ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੂੰ ਨਹਿਰਾਂ ਵਿਚ ਨਹਾਉਣ ਤੋਂ ਰੋਕਣ ਲਈ 2023 ਵਿਚ ਅੰਮ੍ਰਿਤ ਸਰੋਵਰ ਦੀ ਸ਼ੁਰੂਆਤ ਕਰਵਾਈ ਸੀ ਅਤੇ ਠੇਕੇਦਾਰਾਂ ਵਲੋਂ ਤਲਾਬ ਦੀ ਪੁਟਾਈ ਚਾਰ ਚਾਰ ਫੁੱਟ ਕਰਵਾਉਣ ਦੇ ਨਾਲ ਆਲੇ ਦੁਆਲੇ ਚਾਰਦੀਵਾਰੀ ਕਰਕੇ ਗੇਟ ਵੀ ਲਗਵਾ ਦਿੱਤਾ ਹੈ ਤੇ ਸਰਕਾਰ ਵਲੋਂ ਇਸ ਕਾਰਜ ਲਈ ਅਡਵਾਂਸ ਪੈਸੇ ਵੀ ਭੇਜ ਦਿੱਤੇ ਸਨ। ਪਰ ਉਸ ਦੇ ਬਾਵਜੂਦ ਸਰੋਵਰ ਦਾ ਕੰਮ ਮੁਕੰਮਲ ਨਹੀਂ ਹੋ ਸਕਿਆ। ਉਨ੍ਹਾਂ ਦੱਸਿਆ ਕਿ ਉਸ ਸਮੇਂ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੇ ਪੁਲ ਤਿੱਬੜੀ ਨਹਿਰ ਤੋਂ ਸਰੋਵਰ ਤੱਕ ਦੋਵਾਂ ਪਾਸੇ ਫੁੱਟਪਾਥ ਬਣਾਉਣ ਦਾ ਵੀ ਐਲਾਨ ਕੀਤਾ ਸੀ ਅਤੇ ਸਾਰੇ ਕੰਮ ਅਧੂਰੇ ਰਹਿਣ ਨਾਲ ਇਲਾਕੇ ਦੇ ਲੋਕ ਪ੍ਰਸ਼ਾਸਨ ਤੋਂ ਕਾਫ਼ੀ ਖ਼ਫ਼ਾ ਨਜ਼ਰ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਅੰਮ੍ਰਿਤ ਸਰੋਵਰ ਸ਼ੁਰੂ ਹੋਣ ਨਾਲ ਮਹਿਕਮੇ ਨੂੰ ਆਮਦਨ ਦੇ ਸਰੋਵਰ ਵੀ ਬਣ ਸਕਦੇ ਹਨ ਅਤੇ ਸਰਕਾਰੀ ਰੈਸਟ ਹਾਊਸ, ਨਹਿਰੀ ਵਿਭਾਗ ’ਤੇ ਲੱਖਾਂ ਰੁਪਏ ਖ਼ਰਚ ਕਰਕੇ ਉਸ ਨੂੰ ਵਧੀਆ ਬਣਾ ਦਿੱਤਾ ਗਿਆ ਹੈ। ਜਿਸ ਨਾਲ ਸੈਰ ਸਪਾਟਾ ਕਰਨ ਆਏ ਲੋਕਾਂ ਨੂੰ ਸਹੂਲਤ ਮਿਲ ਸਕਦੀ ਹੈ। ਉਨ੍ਹਾਂ ਦੱਸਿਆ ਕਿ ਕੰਮ ਵਿਚ ਦੇਰੀ ਨਾਲ ਨੌਜਵਾਨ ਨਹਿਰਾਂ ਵਿਚ ਨਹਾਉਣ ਤੋਂ ਬਾਜ਼ ਨਹੀਂ ਆ ਰਹੇ। ਉਨ੍ਹਾਂ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਨਹਿਰੀ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਹਦਾਇਤਾਂ ਕਰਕੇ ਪੁਲ ਤਿੱਬੜੀ ਅੰਮ੍ਰਿਤ ਸਰੋਵਰ ਦੀ ਉਸਾਰੀ ਜਲਦ ਕਰਵਾਈ ਜਾਵੇ ਤਾਂ ਜੋ ਲੋਕ ਗਰਮੀ ਦੇ ਮੌਸਮ ਵਿਚ ਸਰੋਵਰ ਦਾ ਅਨੰਦ ਮਾਣ ਸਕਣ।