ਸੁਜਾਨਪੁਰ, 30 ਜੂਨ (ਜਗਦੀਪ ਸਿੰਘ)-ਸੁਜਾਨਪੁਰ ਹਲਕੇ ਅੰਦਰ ਜਿਨ੍ਹਾਂ ਸੜਕਾਂ ਦਾ ਨਿਰਮਾਣ ਕਾਰਜ ਚੱਲ ਰਿਹਾ ਹੈ। ਉਨ੍ਹਾਂ ਵਿਚੋਂ ਜ਼ਿਆਦਾਤਰ ਸੜਕਾਂ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਤਹਿਤ ਬਣਾਈਆਂ ਜਾ ਰਹੀਆਂ ਹਨ। ਪਰ ਆਮ ਆਦਮੀ ਪਾਰਟੀ ਆਗੂ ਇਨ੍ਹਾਂ ਨੂੰ ਆਪਣਾ ਦੱਸ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਡਿਪਟੀ ਸਪੀਕਰ ਦਿਨੇਸ਼ ਸਿੰਘ ਬੱਬੂ ਨੇ ਗੱਲਬਾਤ ਦੌਰਾਨ ਕੀਤਾ। ਦਿਨੇਸ਼ ਸਿੰਘ ਬੱਬੂ ਨੇ ਕਿਹਾ ਕਿ ਜਿਵੇਂ ਸੁਜਾਨਪੁਰ ਤੋਂ ਜੁਗਿਆਲ ਜਾਣ ਵਾਲੀ ਸੜਕ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਬਣਾਈ ਜਾ ਰਹੀ ਹੈ। ਜਿਸ ਦੀ ਲਾਗਤ ਲਗਭਗ 10 ਕਰੋੜ ਰੁਪਏ ਆਵੇਗੀ। ਇਸੇ ਤਰ੍ਹਾਂ ਧਾਰ ਬਲਾਕ ਦੇ ਕਈ ਪਿੰਡਾਂ ਦੀਆਂ ਸੜਕਾਂ ਪ੍ਰਧਾਨ ਮੰਤਰੀ ਗ੍ਰਾਮੀਣ ਵਿਕਾਸ ਸੜਕ ਯੋਜਨਾ ਤਹਿਤ ਬਣਾਈਆਂ ਜਾ ਰਹੀਆਂ ਹਨ। ਜਿਨ੍ਹਾਂ ਵਿਚ ਕਈ ਪੁੱਲ ਵੀ ਸ਼ਾਮਿਲ ਹਨ। ਦਿਨੇਸ਼ ਸਿੰਘ ਬੱਬੂ ਨੇ ਕਿਹਾ ਕਿ ਹਲਕੇ ਦੀਆਂ ਸੰਪਰਕ ਸੜਕਾਂ ਨੂੰ ਬਣਾਉਣ ਲਈ ਕੇਂਦਰ ਸਰਕਾਰ ਇਸ ਯੋਜਨਾ ਤਹਿਤ ਕੰਮ ਕਰ ਰਹੀ ਹੈ। ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਤਹਿਤ ਲੋਕਾਂ ਨੂੰ ਆਉਣ ਜਾਣ ਦੀ ਬਿਹਤਰ ਸੁਵਿਧਾ ਦੇਣਾ ਕੇਂਦਰ ਸਰਕਾਰ ਦਾ ਮੁੱਖ ਮਨੋਰਥ ਹੈ। ਕੇਂਦਰ ਸਰਕਾਰ ਗ੍ਰਾਮੀਣ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੁਜਾਨਪੁਰ ਹਲਕੇ ਦੇ ਆਮ ਆਦਮੀ ਪਾਰਟੀ ਦੇ ਕੁਝ ਆਗੂ ਸੜਕ ਨਿਰਮਾਣ ਕਾਰਜਾਂ ਨੂੰ ਸ਼ੁਰੂ ਕਰਵਾਉਣ ਦਾ ਕਰੈਡਿਟ ਲੈਣ ਦੀ ਹੋੜ ਵਿਚ ਕੇਂਦਰ ਸਰਕਾਰ ਦੀਆਂ ਸੜਕ ਯੋਜਨਾਵਾਂ ਨੂੰ ਪੰਜਾਬ ਸਰਕਾਰ ਦੇ ਪ੍ਰਿਆਸ ਦੱਸ ਕੇ ਕਰੈਡਿਟ ਲੈਣ ਦੀ ਕੋਸ਼ਿਸ਼ ਵਿਚ ਹਨ। ਉਨ੍ਹਾਂ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਨੇਤਾਵਾਂ ਦੇ ਬਹਿਕਵੇ ਵਿਚ ਨਾ ਆਉਣ।