ਗੁਰਦਾਸਪੁਰ, 4 ਜੁਲਾਈ (ਅਸ਼ੋਕ ਸ਼ਰਮਾ)-ਪੁਲਿਸ ਚੌਕੀ ਬਰਿਆਰ ਨੇੜੇ ਤੇੜੇ ਪਿੰਡਾਂ ਅੰਦਰ ਨਸ਼ੇੜੀਆਂ ਦੀ ਭਰਮਾਰ ਦਿਨੋਂ ਦਿਨ ਵੱਧ ਰਹੀ ਹੈ ਅਤੇ ਪਿੰਡਾਂ ਅੰਦਰ ਨਸ਼ਾ ਸ਼ਰੇਆਮ ਵਿੱਕ ਰਿਹਾ ਹੈ। ਜਿਸ ਕਰਕੇ ਨਸ਼ਾ ਕਰਨ ਦੇ ਆਦੀ ਨੌਜਵਾਨ ਦਿਨ ਵੇਲੇ ਹੀ ਨਸ਼ਾ ਕਰਕੇ ਥਾਂ ਥਾਂ ਡਿੱਗੇ ਪਏ ਆਮ ਦੇਖੇ ਜਾ ਸਕਦੇ ਹਨ। ਪਰ ਪੁਲਿਸ ਇਸ ਇਲਾਕੇ ਅੰਦਰੋਂ ਨਸ਼ਾ ਖਤਮ ਨਹੀਂ ਕਰ ਸਕੀ। ਜਿਸ ਕਰਕੇ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਹੋ ਰਹੇ ਹਨ। ਇਸ ਸਬੰਧੀ ਪਿੰਡ ਦੇ ਲੋਕਾਂ ਨੇ ਦੁਖੀ ਮੰਨ ਨਾਲ ਦੱਸਿਆ ਕਿ ਸ਼ਾਮ ਵੇਲੇ ਰੇਲਵੇ ਲਾਈਨ ਅਤੇ ਹੋਰ ਪਿੰਡਾਂ ਅੰਦਰ ਦੇਸੀ ਲਾਹਣ ਤੇ ਨਸ਼ੇ ਕਾਰੋਬਾਰ ਸ਼ਰੇਆਮ ਚੱਲ ਰਿਹਾ ਹੈ ਅਤੇ ਪਿੰਡਾਂ ਦੇ ਲੋਕ ਇਸ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਨ। ਪਰ ਸ਼ਰਾਰਤੀ ਅਨਸਰ ਲੜਾਈ ਝਗੜੇ ’ਤੇ ਉਤਰ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲਿਸ ਚੌਕੀ ਬਰਿਆਰ ਦੇ ਧਿਆਨ ਹਿਤ ਵੀ ਲਿਆਂਦਾ ਹੈ, ਉਹ ਵੀ ਸਖਤ ਕਾਰਵਾਈ ਕਰਨ ਤੋਂ ਗੁਰੇਜ਼ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨਸ਼ਿਆਂ ਵਿਚ ਨਸ਼ੀਲੀਆਂ ਗੋਲੀਆਂ, ਹੈਰੋਇਨ ਤੇ ਹੋਰ ਨਸ਼ੇ ਸ਼ਾਮਿਲ ਹਨ। ਇਹੀ ਹਾਲ ਪੰਡੋਰੀ ਮਹੰਤਾਂ, ਸਾਹੋਵਾਲ ਆਦਿ ਪਿੰਡਾਂ ਅੰਦਰ ਹੈ।ਉਨ੍ਹਾਂ ਨੇ ਪੁਲਿਸ ਮੁਖੀ ਗੁਰਦਾਸਪੁਰ ਮੰਗ ਕੀਤੀ ਕਿ ਬਰਿਆਰ ਚੌਕੀ ਅੰਦਰ ਵੱਧ ਰਹੇ ਨਸ਼ੇ ਨੂੰ ਠੱਲ੍ਹ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇ, ਜਿਸ ਨਾਲ ਲੋਕ ਨਸ਼ਿਆਂ ਦੀ ਅਲਾਮਤ ਤੋਂ ਬਚ ਸਕਣ।