ਗੁਰਦਾਸਪੁਰ, 7 ਜੁਲਾਈ (ਚੱਕਰਾਜਾ)-ਗੁਰਦਾਸਪੁਰ ‘ਚ ਕ੍ਰਿਸ਼ਚੀਅਨ ਨੈਸ਼ਨਲ ਫਰੰਟ ਵਲੋਂ ਜ਼ਿਲ੍ਹਾ ਪੱਧਰੀ ਡੈਲੀਗੇਸ਼ਨ ਮੀਟਿੰਗ ਬਿਸ਼ਪ ਰੋਬਰਟ ਜੇਮਸ ਦੇ ਸਹਿਯੋਗ ਨਾਲ ਪੰਜਾਬ ਯੂਥ ਪ੍ਰਧਾਨ ਬੱਬਾ ਗਿੱਲ, ਤਰਸੇਮ ਬੱਤਰਾ ਤੇ ਜ਼ਿਲ੍ਹਾ ਪ੍ਰਧਾਨ ਸਾਹਿਬ ਮਸੀਹ ਦੀ ਪ੍ਰਧਾਨਗੀ ਹੇਠ ਕੀਤੀ ਗਈ। ਜਿਸ ’ਚ ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਵੱਡੀ ਗਿਣਤੀ ’ਚ ਇਕੱਠੇ ਹੋਏ ਡੈਲੀਗੇਟਸ ਨੇ ਮੀਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਪ੍ਰਾਰਥਨਾ ਕੀਤੀ । ਮੀਟਿੰਗ ਦੌਰਾਨ ਮਸੀਹ ਭਾਈਚਾਰੇ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ‘ਤੇ ਗੰਭੀਰ ਵਿਚਾਰ-ਚਰਚਾ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਵੀ ਮਸੀਹ ਭਾਈਚਾਰੇ ਨੂੰ ਆਪਣੇ ਹੱਕਾਂ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਦੇਸ਼ ’ਚ ਘੱਟ ਗਿਣਤੀਆਂ ਨਾਲ ਧੱਕਾ ਹੋ ਰਿਹਾ ਹੈ ਤੇ ਇੱਥੋਂ ਤੱਕ ਕਿ ਉਨ੍ਹਾਂ ਦੀਆਂ ਵੋਟਾਂ ਵੀ ਕੱਟੀਆਂ ਜਾ ਰਹੀਆਂ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਕ੍ਰਿਸ਼ਚੀਅਨ ਨੈਸ਼ਨਲ ਫਰੰਟ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਵਚਨਬੱਧ ਹੈ ਅਤੇ ਇਸੇ ਤਰ੍ਹਾਂ ਆਪਣਾ ਸੰਘਰਸ਼ ਜਾਰੀ ਰੱਖੇਗਾ। ਲਾਰੈਂਸ ਚੌਧਰੀ ਨੇ ਕਿਹਾ ਕਿ ਸਰਕਾਰ ਨੂੰ ਇਸ ਪਾਸੇ ਤੁਰੰਤ ਧਿਆਨ ਦੇਣਾ ਚਾਹੀਦਾ ਹੈ। ਇਸ ਮੌਕੇ ਧਾਰਮਿਕ ਵਿੰਗ ਦਾ ਵਿਸਥਾਰ ਕਰਦਿਆਂ ਬਿਸ਼ਪ ਰੋਬਰਟ ਜੇਮਸ ਨੂੰ ਜਨਰਲ ਸਕੱਤਰ ਪੰਜਾਬ ਨਿਯੁਕਤ ਕੀਤਾ ਗਿਆ। ਲਾਰੈਂਸ ਚੌਧਰੀ ਨੇ ਸਿਰੋਪਾਓ ਪਾ ਕੇ ਨਿਯੁਕਤੀ ਪੱਤਰ ਭੇਟ ਕੀਤਾ। ਉਨ੍ਹਾਂ ਕਿਹਾ ਕਿ ਆਉਂਦੇ ਕੁਝ ਦਿਨਾਂ ਵਿਚ ਇਕਾਈ ਅਤੇ ਜ਼ਿਲ੍ਹਾ ਪੱਧਰ ਦੀਆਂ ਵੱਡੀ ਗਿਣਤੀ ਵਿਚ ਨਿਯੁਕਤੀਆਂ ਕੀਤੀਆਂ ਜਾਣਗੀਆਂ। ਇਸ ਮੌਕੇ ਪਾ: ਐਡਵਿਨ ਗਿੱਲ, ਪਾ: ਜੱਕੀ, ਪਾ: ਵਰਿੰਦਰ ਕੁਮਾਰ,ਪਾ: ਸੰਨੀ ਮਸੀਹ, ਰਾਕੇਸ਼ ਗਿੱਲ ਜ਼ਿਲ੍ਹਾ ਯੂਥ ਪ੍ਰਧਾਨ, ਰਿੰਕੂ ਮਸੀਹ ਪ੍ਰਧਾਨ ਫ਼ਤਿਹਗੜ ਚੂੜੀਆਂ, ਨਿਰਮਲ ਮਸੀਹ, ਵਾਰਿਸ ਮਸੀਹ,ਗੌਤਮ ਪ੍ਰਧਾਨ ਕਾਦੀਆਂ ਰਾਜਪੂਤਾਂ, ਸਰਦੂਲ ਮਸੀਹ, ਮੁਖਤਿਆਰ ਮਸੀਹ, ਅਜ਼ੀਜ਼ ਮਸੀਹ, ਸਾਬਕਾ ਸਰਪੰਚ ਵੀਰੂ, ਵਿਲੀਅਮ ਹੀਰੋ ਸਾਬਕਾ ਕੌਂਸਲਰ, ਗੌਰਵ ਸਾਬਕਾ ਕੌਂਸਲਰ, ਹਨੂਕ ਮਸੀਹ, ਜਿੰਦਰਪਾਲ, ਜਗੀਰਾ, ਅਮੀਰ ਮਸੀਹ, ਮਨਜੀਤ ਮਸੀਹ, ਨਿਸੂ ਮਹਾਜਨ, ਹੀਰਾ ਲਾਹੌਰੀਆ ਅਤੇ ਬਿੱਲਾ ਕਲਿਆਣਪੁਰ ਆਦਿ ਸ਼ਾਮਿਲ ਹੋਏ।