ਕਲਾਨੌਰ, 15 ਜੁਲਾਈ (ਪੁਰੇਵਾਲ)-ਨੇੜਲੇ ਪਿੰਡ ਨੜਾਂਵਾਲੀ ਵਿਖੇ ਪੰਜਾਬ ਕਿਸਾਨ ਯੂਨੀਅਨ ਦੇ ਬਲਾਕ ਕਲਾਨੌਰ ਦੇ ਸਮੂਹ ਅਹੁਦੇਦਾਰਾਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਮੱਲ੍ਹੀ, ਜ਼ਿਲ੍ਹਾ ਸਕੱਤਰ ਅਸ਼ਵਨੀ ਕੁਮਾਰ ਲੱਖਣ ਕਲਾਂ, ਗੁਰਦੀਪ ਸਿੰਘ ਕਾਮਲਪੁਰ ਦੀ ਅਗਵਾਈ ’ਚ ਹੋਈ। ਮੀਟਿੰਗ ’ਚ ਕਿਸਾਨਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਐਲਾਨ ਕੀਤਾ ਕਿ ਕੇਂਦਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਖਿਲਾਫ਼ ਵਿੱਢੇ ਗਏ ਸੰਘਰਸ਼ ਤਹਿਤ ਪੰਜਾਬ ਦੇ ਸਮੂਹ ਟੋਲ ਪਲਾਜ਼ੇ 22 ਜੁਲਾਈ ਨੂੰ ਬੰਦ ਕੀਤੇ ਜਾਣਗੇ ਤੇ ਇਸ ਸਬੰਧੀ ਹੋਰ ਰਣਨੀਤੀ ਤਿਆਰ ਕਰਨ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਗੁਰਦਾਸਪੁਰ ਵਿਖੇ 16 ਜੁਲਾਈ ਨੂੰ ਮੀਟਿੰਗ ਰੱਖੀ ਗਈ ਹੈ। ਆਗੂਆਂ ਨੇ ਕਿਹਾ ਕਿ ਪੰਜਾਬ ਕਿਸਾਨ ਯੂਨੀਅਨ ਭਾਰਤ-ਅਮਰੀਕਾ ਦਰਮਿਆਨ ਹੋ ਰਹੇ ਸਮਝੌਤੇ ਦਾ ਵਿਰੋਧ ਕਰਦੀ ਹੈ, ਕਿਉਂਕਿ ਇਸ ਸਮਝੌਤੇ ’ਚ ਕਿਸਾਨਾਂ ਦਾ ਉਜਾੜਾ ਹੋਵੇਗਾ ਤੇ ਖੇਤੀਬਾੜੀ, ਡੇਅਰੀ ਫਾਰਮਿੰਗ, ਪੋਲਟਰੀ ਫਾਰਮਿੰਗ ਆਦਿ ਧੰਦਿਆਂ ’ਤੇ ਬਹੁਤ ਮਾੜਾ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਕਿਸਾਨ ਯੂਨੀਅਨ ਪੰਜਾਬ ਸਰਕਾਰ ਵਲੋਂ ਲਿਆਂਦੀ ਜਾ ਰਹੀ ਨਵੀਂ ਲੈਂਡ ਪੂਲਿੰਗ ਨੀਤੀ ਦਾ ਵਿਰੋਧ ਕਰਦੀ ਹੈ ਤੇ ਕਿਸੇ ਵੀ ਹਾਲਤ ’ਚ ਕਿਸਾਨਾਂ ਦੀ ਕਿਸੇ ਨੂੰ ਜ਼ਮੀਨ ਖੋਹਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਆਗੂਆਂ ਨੇ ਕਿਹਾ ਕਿ ਪੰਜਾਬ ਕਿਸਾਨ ਯੂਨੀਅਨ ਵਲੋਂ ਜਸਵੰਤ ਸਿੰਘ ਖਾਲੜਾ ਦੇ ਜੀਵਨ ’ਤੇ ਬਣੀ ਫਿਲਮ ’ਤੇ ਪਾਬੰਦੀ ਲਾਉਣ ਦਾ ਵਿਰੋਧ ਕੀਤਾ ਜਾਵੇਗਾ, ਕਿਉਂਕਿ ਇਹ ਫਿਲਮ ਭਾਰਤ ਸਰਕਾਰ ਦੀ ਏਜੰਸੀ ਸੀ.ਬੀ.ਆਈ. ਵਲੋਂ ਕੀਤੀ ਗਈ ਜਾਂਚ ਦੇ ਆਧਾਰ ’ਤੇ ਹੈ, ਜੋ ਪੁਲਿਸਤੰਤਰ ਦੇ ਜ਼ੁਲਮਾਂ ਨੂੰ ਨੰਗਾ ਕਰਦੀ ਹੈ। ਮੀਟਿੰਗ ’ਚ ਵਿਛੜੇ ਸਾਥੀਆਂ ਪ੍ਰੇਮ ਸਿੰਘ ਰਾਵਤ, ਕੁਲਵੰਤ ਸਿੰਘ ਮੌੜ, ਕਪੂਰ ਸਿੰਘ ਸੰਗਤਪੁਰਾ, ਸੁਖਰਾਜ ਸਿੰਘ ਬੁੱਚੇਨੰਗਲ, ਅਤੇ ਭਜਨ ਭਜੀ ਨੜਾਂਵਾਲੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਮੀਟਿੰਗ ’ਚ ਜਰਨੈਲ ਸਿੰਘ ਸਪਰਾਵਾਂ, ਬਲਵਿੰਦਰ ਸਿੰਘ ਸਪਰਾਵਾਂ, ਮੰਗਲ ਸਿੰਘ, ਸੁਖਵਿੰਦਰ ਅਟਾਰੀ, ਗੁਰਿੰਦਰ ਸਿੰਘ ਖੱਦਰ, ਭਜਨ ਸਿੰਘ ਨੜਾਂਵਾਲੀ, ਮਹਿੰਦਰ ਸਿੰਘ ਲੱਖਣ ਖੁਰਦ, ਜਸਪਾਲ ਸਿੰਘ, ਸਤਨਾਮ ਸਿੰਘ ਡੇਅਰੀ ਵਾਲ, ਗੁਰਵਿੰਦਰ ਸਿੰਘ ਰਿੰਕੂ ਬਿਸਨਕੋਟ ਆਦਿ ਹਾਜ਼ਰ ਸਨ।