ਗੁਰਦਾਸਪੁਰ, 7 ਅਗਸਤ (ਚੱਕਰਾਜਾ)-ਜ਼ਿਲ੍ਹਾ ਗੁਰਦਾਸਪੁਰ ਅੰਦਰ ਡੀ.ਆਈ.ਜੀ ਬਾਰਡਰ ਰੇਂਜ ਅੰਮ੍ਰਿਤਸਰ ਹਰਮਨਬੀਰ ਸਿੰਘ ਗਿੱਲ ਦੀ ਰਹਿਨੁਮਾਈ ਤੇ ਐਸ.ਐਸ.ਪੀ ਆਦਿੱਤਯ ਦੀ ਅਗਵਾਈ ਹੇਠ ਆਪਰੇਸ਼ਨ ਪ੍ਰਹਾਰ 4.0 ਦੂਜੇ ਦਿਨ ਵੀ ਜਾਰੀ ਰਿਹਾ। ਇਸ ਆਪਰੇਸ਼ਨ ਦੌਰਾਨ ਜ਼ਿਲ੍ਹਾ ਪੁਲਿਸ ਟੀਮਾਂ ਵਲੋਂ ਵੱਖ-ਵੱਖ ਥਾਈਂ ਛਾਪੇਮਾਰੀ ਕਰਕੇ ਨਸ਼ਾ ਤਸਕਰਾਂ, ਗੈਂਗਸਟਰਾਂ, ਮੁਲਜਮਾਂ, ਭਗੌੜਿਆਂ, ਸੰਗਠਿਤ ਅਪਰਾਧੀਆਂ ਤੇ ਹੋਰ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਗਈ। ਇਸ ਮੌਕੇ ਡੀ.ਆਈ.ਜੀ ਬਾਰਡਰ ਰੇਂਜ ਅੰਮ੍ਰਿਤਸਰ ਹਰਮਨਬੀਰ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਪੁਲਿਸ ਸਮਾਜ ’ਚੋਂ ਨਸ਼ਿਆਂ, ਸੰਗਠਿਤ ਅਪਰਾਧ ਤੇ ਗੈਂਗਸਟਰ ਸੱਭਿਆਚਾਰ ਨੂੰ ਖਤਮ ਕਰਨ ਦੇ ਮਿਸ਼ਨ ’ਤੇ ਪੂਰੀ ਤਰ੍ਹਾਂ ਦ੍ਰਿੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਗੁੰਮਰਾਹ ਹੋਏ ਨੌਜਵਾਨਾਂ ਨੂੰ ਮੁੱਖ ਧਾਰਾ ’ਚ ਵਾਪਸ ਲਿਆਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਜਿਹੜੇ ਨੌਜਵਾਨ ਗੁਆਂਢੀ ਮੁਲਕ ਤੋਂ ਸਰਗਰਮ ਸਮਾਜ ਵਿਰੋਧੀ ਅਨਸਰਾਂ ਦੁਆਰਾ ਸੋਸ਼ਲ ਮੀਡੀਆ ਰਾਹੀਂ ਪ੍ਰਭਾਵਿਤ ਹੋ ਕੇ ਅਪਰਾਧਿਕ ਗਤੀਵਿਧੀਆਂ ਵਿਚ ਸ਼ਾਮਿਲ ਹੋਏ ਹਨ, ਉਨ੍ਹਾਂ ਨੂੰ ਸੁਧਰਨ ਦਾ ਮੌਕਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਿਸ ਦਾ ਮਕਸਦ ਸਿਰਫ ਅਪਰਾਧੀਆਂ ਵਿਰੁਧ ਕਾਰਵਾਈ ਕਰਨਾ ਨਹੀਂ, ਸਗੋਂ ਉਨ੍ਹਾਂ ਲੋਕਾਂ ਨੂੰ ਮੁੜ ਵਸੇਬਾ ਕਰਨਾ ਵੀ ਹੈ ਜੋ ਅਪਰਾਧ ਦਾ ਰਾਹ ਛੱਡ ਕੇ ਜਿੰਮੇਵਾਰ ਨਾਗਰਿਕ ਬਨਣ ਦੇ ਚਾਹਵਾਨ ਹਨ। ਉਨ੍ਹਾਂ ਦੱਸਿਆ ਕਿ ਇਸ ਛਾਪੇਮਾਰੀ ਦੌਰਾਨ ਕੁੱਲ 371 ਗ੍ਰਿਫਤਾਰੀਆਂ ਹੋਈਆਂ ਹਨ, ਜਿਨ੍ਹਾਂ ਵਿਚ 4 ਘਿਨੋਣੇ ਅਪਰਾਧ, 6 ਭਗੌੜੇ, ਜੁਰਮ ਰੋਕੂ ਕਾਰਵਾਈਆਂ 170, ਐਨ.ਡੀ.ਪੀ.ਐਸ ਤਹਿਤ 65 ਗ੍ਰਿਫ਼ਤਾਰੀਆਂ ਤੇ 126 ਹੋਰ ਮਾਮਲਿਆਂ ਦੇ ਦੋਸ਼ੀ ਸ਼ਾਮਿਲ ਹਨ। ਇਸ ਤੋਂ ਇਲਾਵਾ 448 ਗਰਾਮ 424 ਮਿਲੀਗਰਾਮ ਹੈਰੋਇਨ, 110 ਨਸ਼ੀਲੀਆਂ ਗੋਲੀਆਂ, 8920 ਰੁਪਏ ਡਰੱਗ ਮਨੀ ਤੇ 8,22,750 ਐਮ.ਐਲ ਨਾਜਾਇਜ ਸ਼ਰਾਬ, 2 ਪਿਸਟਲ ਤੇ 1 ਮੈਗਜ਼ੀਨ ਬਰਾਮਦ ਕੀਤਾ ਗਿਆ। ਜਦੋਂ ਕਿ 377 ਵਾਹਨਾਂ ਦੇ ਚਲਾਨ ਕੱਟੇ ਗਏ ਤੇ 9 ਵਾਹਨ ਜਬਤ ਕਰਨ ਸਮੇਤ 26 ਮਾੜੇ ਅਨਸਰਾਂ ਨੂੰ ਕਾਬੂ ਕੀਤਾ ਗਿਆ। ਇਸ ਮੌਕੇ ਐਸ.ਐਸ. ਪੀ ਆਦਿੱਤਯ ਤੇ ਹੋਰ ਪੁਲਿਸ ਅਧਿਕਾਰੀ ਵੀ ਹਾਜਰ ਸਨ।
ਗੁਰਦਾਸਪੁਰ ਪੁਲਿਸ ਵਲੋਂ ਆਪਰੇਸ਼ਨ ਪ੍ਰਹਾਰ 4.0 ਦੇ ਦੂਜੇ ਦਿਨ ਵੱਖ-ਵੱਖ ਥਾਈਂ ਕੀਤੀ ਛਾਪੇਮਾਰੀ
ਗੁਰਦਾਸਪੁਰ, 7 ਅਗਸਤ (ਚੱਕਰਾਜਾ)-ਜ਼ਿਲ੍ਹਾ ਗੁਰਦਾਸਪੁਰ ਅੰਦਰ ਡੀ. ਆਈ.
ਆਪਰੇਸ਼ਨ ਪ੍ਰਹਾਰ ਤਹਿਤ ਕੀਤੀ ਵੱਖ-ਵੱਖ ਥਾਈਂ ਛਾਪੇਮਾਰੀ ਦੌਰਾਨ ਪੁੱਛਗਿੱਛ ਕਰਦੇ ਡੀ.ਆਈ.ਜੀ ਬਾਰਡਰ ਰੇਂਜ ਅੰਮ੍ਰਿਤਸਰ ਹਰਮਨਬੀਰ ਸਿੰਘ ਗਿੱਲ, ਨਾਲ ਐਸ.ਐਸ.ਪੀ ਆਦਿੱਤਯ ਤੇ ਹੋਰ ਪੁਲਿਸ ਅਧਿਕਾਰੀ। ਤਸਵੀਰ: ਵਿਸ਼ਾਲ ਮੁੰਨਾ
08-08-2026